ਕੁਰਦ 'ਚ ਖਤਨੇ ਵਿਰੁਧ ਜਾਗਰੁਕ ਹੋਈਆਂ ਔਰਤਾਂ, ਰੂੜੀਵਾਦੀ ਸੋਚ ਬਦਲਣ ਦੀ ਕੋਸ਼ਿਸ਼
ਬਚਪਨ ਵਿਚ ਖਤਨਾ ਸਹਿ ਚੁੱਕੀ 35 ਸਾਲਾ ਰਸੂਲ ਸਥਾਨਕ ਘਰਾਂ ਵਿਚ ਜਾ ਕੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕਰਦੀ ਹੈ।
ਇਰਾਕ : ਇਰਾਕ ਦੇ ਕਈ ਪਿੰਡਾਂ ਦੀਆਂ ਔਰਤਾਂ ਨੇ ਹੁਣ ਖਤਨੇ ਵਿਰੁਧ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿਤਾ ਹੈ। ਕੁਰਦ ਸਮੁਦਾਇ ਦੇ ਇਲਾਕੇ ਵਿਚ ਔਰਤਾਂ ਅਤੇ ਬੱਚਿਆਂ ਦੇ ਖਤਨੇ ਵਿਰੁਧ ਜ਼ਬਰਦਸਤੀ ਮੁਹਿੰਮ ਚਲਾਉਣ ਵਾਲੇ ਗ਼ੈਰ-ਸਰਕਾਰੀ ਸੰਸਥਾ ਵਾਦੀ ਨਾਲ ਜੁੜੀ ਰਸੂਲ ਨਾਮ ਦੀ ਔਰਤ ਨੇ ਇਸ ਨੂੰ ਕਾਮਯਾਬ ਬਣਾਉਣ ਦੀ ਸਹੁੰ ਚੁੱਕੀ ਹੈ। ਰਸੂਲ ਕਈ ਪਿੰਡਾਂ ਦੇ ਬੱਚਿਆਂ ਲਈ ਦੇਵਦੂਤ ਬਣ ਕੇ ਸਾਹਮਣੇ ਆਈ ਹੈ। ਬਚਪਨ ਵਿਚ ਖਤਨਾ ਸਹਿ ਚੁੱਕੀ 35 ਸਾਲਾ ਰਸੂਲ ਸਥਾਨਕ ਘਰਾਂ ਵਿਚ ਜਾ ਕੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕਰਦੀ ਹੈ।
ਉਸ ਦੇ ਨਾਲ ਖੇਤਰ ਦੀਆਂ ਕੁਝ ਹੋਰ ਔਰਤਾਂ ਨੇ ਵੀ ਇਲਾਕੇ ਦੀ ਰੂੜੀਵਾਦੀ ਸੋਚ ਨੂੰ ਬਦਲਣ ਦੀ ਠਾਣ ਲਈ ਹੈ। ਇਸੇ ਕਾਰਨ ਇਰਾਕ ਦੇ ਮੁਕਾਬਲੇ ਕੁਰਦ ਖੇਤਰ ਵਿਚ ਬੱਚੀਆਂ ਦੇ ਖਤਨੇ ਦੀ ਗਿਣਤੀ ਵਿਚ ਕਮੀ ਆਈ ਹੈ। ਇਕ ਸਮਾਂ ਅਜਿਹਾ ਵੀ ਆਇਆ ਜਦ ਕੁਰਦ ਇਲਾਕੇ ਵਿਚ ਬੱਚੀਆਂ ਦਾ ਖਤਨਾ ਕਰਨਾ ਇਕ ਸਾਧਾਰਨ ਗੱਲ ਸੀ। ਖੇਤਰੀ ਰਾਜਧਾਨੀ ਇਰਬਿਲ ਦੇ ਪੂਰਬ ਵਿਖੇ ਸਥਿਤ ਸ਼ਰਬਤੀ ਸਾਘਿਰਾ ਪਿੰਡ ਵਿਚ ਖਤਨੇ ਵਿਰੁਧ ਜਾਗਰੁਕਤਾ ਫੈਲਾਉਣ ਅਤੇ ਇਸ ਰਵਾਇਤ ਨੂੰ ਬੰਦ ਕਰਵਾਉਣ ਲਈ ਰਸੂਲ ਇਥੇ 25 ਵਾਰ ਜਾ ਚੁੱਕੀ ਹੈ।
ਉਹ ਪਿੰਡ ਦੇ ਇਮਾਮ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸੋਚਦੇ ਹਨ ਕਿ ਖਤਨਾ ਇਕ ਇਸਲਾਮਕ ਰਵਾਇਤ ਹੈ। ਉਹ ਪਿੰਡ ਦੀਆਂ ਸਿਖਲਾਈ ਪ੍ਰਾਪਤ ਦਾਈਆਂ ਨੂੰ ਖਤਨੇ ਦੇ ਹੋਣ ਵਾਲੇ ਨੁਕਸਾਨ, ਉਸ ਦੇ ਕਾਰਨ ਹੋਣ ਵਾਲੇ ਖੂਨ ਦੇ ਵਹਾਅ ਅਤੇ ਮਾਨਸਿਕ ਸ਼ੋਸ਼ਣ ਦੇ ਸਬੰਧ ਵਿਚ ਸਮਝਾਉਂਦੀ ਹੈ। ਖਤਨੇ ਵਿਰੁਧ ਔਰਤਾਂ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਮੁਹਿੰਮਾਂ ਤੋਂ ਬਾਅਦ ਕੁਰਦ ਪ੍ਰਸ਼ਾਸਨ ਨੇ 2011 ਵਿਚ ਖਤਨੇ ਨੂੰ ਘਰੇਲੂ ਹਿੰਸਾ ਕਾਨੂੰਨ ਅਧੀਨ ਦਰਜ ਕੀਤਾ ਹੈ।
ਇਸ ਕਾਨੂੰਨ ਮੁਤਾਬਕ ਖਤਨਾ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਅਤੇ ਲਗਭਗ 80,000 ਅਮਰੀਕੀ ਡਾਲਰ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਕਾਨੂੰਨ ਬਣਾਉਣ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਤੋਂ ਬਾਅਦ ਪੈਦਾ ਹੋਈ ਜਾਗਰੁਕਤਾ ਕਾਰਨ ਖਤਨੇ ਦੀ ਗਿਣਤੀ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹੋਏ ਹਨ।