ਵਿਆਹ ਲਈ ਐਬੂਲੈਂਸ 'ਚ ਪਹੁੰਚਿਆ ਜੋੜਾ, ਹੋਈ ਮੁਖਾਲਫ਼ਤ, ਜਾਣੋ ਕਿਉਂ?

ਏਜੰਸੀ

ਖ਼ਬਰਾਂ, ਕੌਮਾਂਤਰੀ

ਸਥਾਨਕ ਪ੍ਰਸ਼ਾਸਨ ਵਲੋਂ ਜਾਂਚ ਦੇ ਹੁਕਮ

file photo

ਮਲੇਸ਼ੀਆ : ਵਿਆਹ ਨੂੰ ਹਰ ਕੋਈ ਯਾਦਗਾਰ ਬਣਾਉਣਾ ਚਾਹੁੰਦੈ। 'ਵਿਆਹ ਕਿਹੜਾ ਰੋਜ-ਰੋਜ ਹੋਣੈ, ਸਾਰੇ ਸ਼ੌਕ ਪੂਰੇ ਕਰ ਲਓ'' ਦਾ ਖਿਆਲ ਜ਼ਿਆਦਾਤਰ ਵਿਆਹ ਬੰਧਨ 'ਚ ਬੱਝਣ ਜਾ ਰਹੇ ਜੋੜਿਆ ਦੇ ਦਿਲ 'ਚ ਆਉਂਦਾ ਹੀ ਹੈ। ਇਹੀ ਕਾਰਨ ਹੈ ਕਿ ਲੋਕ ਵਿਲੱਖਣ ਢੰਗ ਨਾਲ ਵਿਆਹ ਕਰਵਾਉਣ ਲੱਗ ਪਏ ਹਨ। ਹੈਲੀਕਾਪਟਰ ਰਾਹੀਂ ਵਿਆਹੁਣ ਆਉਣਾ ਤਾਂ ਹੁਣ ਆਮ ਗੱਲ ਹੋ ਗਈ ਹੈ।

ਵਿਆਹ ਨੂੰ ਖਾਸ ਬਣਾਉਣ ਦੇ ਚੱਕਰ 'ਚ ਇਕ ਮਲੇਸੀਆਈ ਜੋੜੇ ਨੂੰ ਭਾਰੀ ਮੁਖਾਲਫਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਇਹ ਜੋੜਾ ਐਬੂਲੈਂਸ ਰਾਹੀਂ ਵਿਆਹ ਸਮਾਗਮ ਵਿਚ ਪਹੁੰਚਿਆ ਸੀ। ਇੱਥੇ ਹੀ ਬੱਸ ਨਹੀਂ, ਵਿਆਹ ਵਾਲਾ ਮੁੰਡਾ ਅਪਣੀ ਵਹੁਟੀ ਨੂੰ ਸਟਰੈਚਰ 'ਤੇ ਬਿਠਾ ਕੇ ਲੋਕਾਂ ਵਿਚਾਲੇ ਪਹੁੰਚਿਆ। ਜਦਕਿ ਦੋਵਾਂ ਵਿਚੋਂ ਕੋਈ ਵੀ ਬਿਮਾਰ ਨਹੀਂ ਸੀ।

ਡਾਕਟਰ ਦੀ ਵਰਦੀ ਵਿਚ ਆਇਆ ਸੀ ਲਾੜਾ : ਇਸ ਵਿਆਹ ਸਮਾਗਮ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ।  ਲਾੜੇ ਨੇ ਡਾਕਟਰਾਂ ਵਾਲੀ ਵਰਦੀ ਪਾਈ ਹੋਈ ਸੀ, ਜਦਕਿ ਲੜਕੀ ਵਿਆਹ ਵਾਲੇ ਜੋੜੇ ਵਿਚ ਸੀ। ਲਾੜੀ ਦੇ ਹੱਥਾਂ ਵਿਚ ਇਕ ਗੁਲਦਸਤਾ ਵੀ ਨਜ਼ਰ ਆ ਰਿਹਾ ਸੀ। ਵਿਆਹ ਵਾਲੇ ਜੋੜੇ ਤੋਂ ਇਲਾਵਾ ਵਿਆਹ ਸਮਾਗਮ ਵਿਚ ਸ਼ਾਮਲ ਕੁੱਝ ਹੋਰ ਲੋਕ ਵੀ ਹਸਪਤਾਲ ਵਾਲੀ ਵਰਦੀ 'ਚ ਵਿਖਾਈ ਦੇ ਰਹੇ ਸਨ।

ਬਾਕੀ ਪਰਵਾਰ ਵੀ ਪਹੁੰਚਿਆ ਐਂਬੂਲੈਂਸ 'ਚ : ਵੀਡੀਓ 'ਚ ਇਸ ਜੋੜੇ ਦੇ ਸਕੇ-ਸਬੰਧੀ ਵੀ ਐਬੂਲੈਂਸ ਵਿਚ ਪਹੁੰਚਦੇ ਵਿਖਾਈ ਦੇ ਰਹੇ ਹਨ। 4 ਮਿੰਟ ਦੇ ਇਸ ਵੀਡੀਓ 'ਚ ਵਿਆਹ ਵਾਲੇ ਜੋੜੇ ਤੋਂ ਇਲਾਵਾ ਬਾਕੀ ਲੋਕ ਵੀ ਇਸ ਤੋਂ ਖ਼ੁਸ਼ ਵਿਖਾਈ ਦੇ ਰਹੇ ਹਨ।   ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਨੇ ਇਹ ਸਭ ਠੀਕ ਨਹੀਂ ਲੱਗਿਆ। ਲੋਕਾਂ ਦਾ ਕਹਿਣਾ ਹੈ ਕਿ ਸਟਰੈਚਰ ਤੇ ਐਬੂਲੈਂਸ ਦਾ ਖੁਦ ਦੇ ਮਨੋਰੰਜਨ ਲਈ ਇਸਤੇਮਾਲ ਕਰਨਾ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਐਮਰਜੰਸੀ ਵਰਤੋਂ ਵਾਲੇ ਕਿਸੇ ਵੀ ਵਾਹਨ ਦਾ ਇਸ ਤਰ੍ਹਾਂ ਇਸਤੇਮਾਲ ਕਰਨਾ ਗ਼ਲਤ ਹੈ।

ਮੈਡੀਕਲ ਅਫ਼ਸਰ ਹੈ ਲਾੜਾ, ਕਿਰਾਏ 'ਤੇ ਲਿਆਂਦੀ ਐਬੂਲੈਂਸ : ਜਾਣਕਾਰੀ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ। ਇਹ ਘਟਨਾ ਮਲੇਸ਼ੀਆ ਦੇ ਕਵਾਤਾਨ ਇਲਾਕੇ ਦੀ ਹੈ। 'ਦ ਸਟਾਰ' ਦੀ ਰਿਪੋਰਟ ਮੰਤਰਾਲੇ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਵਿਆਹ ਸਮਾਗਮ 'ਚ ਜਿਹੜੇ ਐਮਰਜੰਸੀ ਵਾਹਨਾਂ ਦੀ ਵਰਤੋਂ ਕੀਤੀ ਗਈ ਹੈ, ਉਹ ਸਾਰੇ ਪ੍ਰਾਈਵੇਟ ਸਨ। ਇਹ ਸਾਰੇ ਵਾਹਨ ਲਾੜੇ ਨੇ ਕਿਰਾਏ 'ਤੇ ਲਿਆਂਦੇ ਸਨ।