ਪਛਮੀ ਜਰਮਨੀ ’ਚ ਭੀੜ ਨੂੰ ਕਾਰ ਨੇ ਦਰੜਿਆ, 2 ਦੀ ਮੌਤ, ਕਈ ਜ਼ਖਮੀ
ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇਕ ਡਰਾਈਵਰ ਨੇ ਲੋਕਾਂ ਦੇ ਇਕ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿਤੀ
ਬਰਲਿਨ : ਪਛਮੀ ਜਰਮਨੀ ’ਚ ਸੋਮਵਾਰ ਨੂੰ ਇਕ ਕਾਰ ਡਰਾਈਵਰ ਨੇ ਭੀੜ ’ਤੇ ਹਮਲਾ ਕਰ ਦਿਤਾ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੈਨਹੈਮ ਸ਼ਹਿਰ ਦੀ ਪੁਲਿਸ ਨੇ ਲੋਕਾਂ ਨੂੰ ਸ਼ਹਿਰ ਦੇ ਮੁੱਖ ਖੇਤਰ ਤੋਂ ਦੂਰ ਰਹਿਣ ਅਤੇ ਅਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਉਨ੍ਹਾਂ ਦਸਿਆ ਕਿ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਪੁਲਿਸ ਬੁਲਾਰੇ ਸਟੀਫਨ ਵਿਲਹੈਲਮ ਨੇ ਦਸਿਆ ਕਿ ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇਕ ਡਰਾਈਵਰ ਨੇ ਲੋਕਾਂ ਦੇ ਇਕ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਜ਼ਖਮੀਆਂ ਦੀ ਗਿਣਤੀ ਨਹੀਂ ਦੱਸੀ।
ਪੁਲਿਸ ਦੇ ਇਕ ਬੁਲਾਰੇ ਨੇ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਇਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੇ ਹੋਰ ਦੋਸ਼ੀ ਸਨ ਤਾਂ ਅਸੀਂ ਹੁਣ ਜਾਣਕਾਰੀ ਨਹੀਂ ਦੇ ਸਕਦੇ।’’ ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ’ਚ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਹੈਲੀਕਾਪਟਰਾਂ ਨਾਲ ਭਾਰੀ ਪੁਲਿਸ ਤਾਇਨਾਤ ਹੈ। ਪੁਲਿਸ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਲੀ ਕਾਰ ਨੂੰ ਘੇਰ ਲਿਆ ਜਦਕਿ ਐਂਬੂਲੈਂਸਾਂ ਘੇਰਾਬੰਦੀ ਦੇ ਬਾਹਰ ਖੜੀਆਂ ਹਨ। ਵਿਲਹੈਲਮ ਨੇ ਇਸ ਤੋਂ ਪਹਿਲਾਂ ਇਸ ਘਟਨਾ ਨੂੰ ਜਾਨਲੇਵਾ ਸਥਿਤੀ ਦਸਿਆ ਸੀ।
ਪੈਰਾਡਪਲਾਟਜ਼ ਸ਼ਹਿਰ ਦੇ ਕੇਂਦਰ ’ਚ ਇਕ ਮੁੱਖ ਚੌਰਾਹਾ ਹੈ। ਫ੍ਰੈਂਕਫਰਟ ਤੋਂ ਕਰੀਬ 85 ਕਿਲੋਮੀਟਰ ਦੱਖਣ ’ਚ ਸਥਿਤ ਮੈਨਹੈਮ ਦੀ ਆਬਾਦੀ ਕਰੀਬ 3.26 ਲੱਖ ਹੈ। ਜਰਮਨ ਸਮਾਚਾਰ ਏਜੰਸੀ ਡੀ.ਪੀ.ਏ. ਨੇ ਦਸਿਆ ਕਿ ਮੈਨਹੈਮ ਯੂਨੀਵਰਸਿਟੀ ਹਸਪਤਾਲ ਨੇ ਸੰਭਾਵਤ ਜਾਨੀ ਨੁਕਸਾਨ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਹਸਪਤਾਲ ਨੇ ਜ਼ਖਮੀਆਂ ਦੀ ਦੇਖਭਾਲ ਲਈ ਆਫ਼ਤ ਅਤੇ ਐਮਰਜੈਂਸੀ ਯੋਜਨਾ ਲਾਗੂ ਕੀਤੀ ਹੈ। ਜਰਮਨੀ ਦੀ ਗ੍ਰਹਿ ਮੰਤਰੀ ਨੈਨਸੀ ਫੇਸਰ ਨੇ ਮੈਨਹੈਮ ਦੀ ਘਟਨਾ ਦੇ ਮੱਦੇਨਜ਼ਰ ਕੋਲੋਨ ਵਿਚ ਕਾਰਨਿਵਲ ਸਟ੍ਰੀਟ ਪਰੇਡ ਵਿਚ ਸ਼ਾਮਲ ਹੋਣ ਦਾ ਅਪਣਾ ਪ੍ਰੋਗਰਾਮ ਰੱਦ ਕਰ ਦਿਤਾ ਹੈ।