ਕੀ Ibuprofen ਦਵਾਈ ਦੇ ਸਕਦੀ ਹੈ ਕਰੋਨਾ ਵਾਇਰਸ ਨੂੰ ਮਾਤ! ਟ੍ਰਾਇਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਕੁਝ ਵਿਗਿਆਨੀਆਂ ਦੇ ਵੱਲੋਂ ਇਸ ਦਵਾਈ ਨੂੰ ਕਰੋਨਾ ਦੇ ਮਰੀਜ਼ਾਂ ਤੇ ਟੈਸਟ ਕਰ ਕੇ ਦੇਖਿਆ ਜਾ ਰਿਹਾ ਹੈ।

Covid 19

ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਹੜਕੰਪ ਮਚਾ ਰੱਖਿਆ ਹੈ । ਭਾਵੇਂ ਕੇ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਕਿਸੇ ਵੀ ਦੇਸ਼ ਨੂੰ ਇਸ ਵਿਚ ਸਫਲਤਾ ਨਹੀਂ ਮਿਲ ਸਕੀ ਹੈ। ਉੱਥੇ ਹੀ ਹੁਣ Ibuprofen ਵਰਗੀ ਇਕ ਸਸਤੀ ਦਵਾਈ ਨਾਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਉਮੀਦ ਵੱਧ ਗਈ ਹੈ। ਬ੍ਰਿਟੇਨ ਦੇ ਕੁਝ ਵਿਗਿਆਨੀਆਂ ਦੇ ਵੱਲੋਂ ਇਸ ਦਵਾਈ ਨੂੰ ਕਰੋਨਾ ਦੇ ਮਰੀਜ਼ਾਂ ਤੇ ਟੈਸਟ ਕਰ ਕੇ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਜਾਨਵਾਰਾਂ ਤੇ ਇਸ ਦਵਾਈ ਦੇ ਕੀਤੇ ਟ੍ਰਾਇਲ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਦਵਾਈ ਨਾਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ 80 ਫੀਸਦ ਤੱਕ ਵੱਧ ਸਕਦੀ ਹੈ। ਬਜਾਰ ਵਿਚ ਇਕ Ibuprofen ਦੀ ਇਕ ਟੈਬਲੇਟ ਇਕ ਰੁਪਏ ਦੀ ਮਿਲਦੀ ਹੈ। ਹਾਲਾਂਕਿ ਕਰੋਨਾ ਵਾਇਰਸ ਦੇ ਸ਼ੁਰੂਆਤੀ ਦਿਨਾਂ ਵਿਚ Ibuprofen ਦੀ ਵਰਤੋਂ ਤੇ ਰੋਕ ਲਗਾ ਦਿੱਤੀ ਸੀ। ਉਸ ਸਮੇਂ ਫਰਾਂਸ ਦੇ ਸਿਹਤ ਮੰਤਰੀ ਨੇ ਕਿਹਾ ਸੀ ਕਿ ਇਸ ਦਵਾਈ ਦੀ ਵਰਤੋਂ ਨਾਲ ਕਰੋਨਾ ਵਾਇਰਸ ਹੋਰ ਫੈਲ ਸਕਦਾ ਹੈ।  

ਦਿ ਸਨ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਦੇ ਅਨੁਸਾਰ, ਲੰਡਨ ਦੇ ਗੁਇਜ਼ ਅਤੇ ਸੇਂਟ ਥਾਮਸ ਹਸਪਤਾਲ ਅਤੇ ਕਿੰਗਜ਼ ਕਾਲਜ ਦੇ ਡਾਕਟਰਾਂ ਦੀ ਟੀਮ ਦਾ ਮੰਨਣਾ ਹੈ ਕਿ ਪੈੱਨ ਕਿਲਰ ਅਤੇ ਐਂਟੀ-ਇਨਫਲੇਮੇਟਰੀ ਡਰੱਗ ਆਈਬੂਪ੍ਰੋਫਿਨ ਕੋਰੋਨਾ ਮਰੀਜ਼ਾਂ ਦੀ ਸਾਹ ਦੀ ਸਮੱਸਿਆ ਵਿੱਚ ਸੁਧਾਰ ਕਰ ਸਕਦੀ ਹੈ। ਦੱਸ ਦੱਈਏ ਕਿ ਬ੍ਰਿਟੇਨ ਦੇ ਡਾਕਟਰਾਂ ਨੂੰ ਉਮੀਦ ਹੈ ਕਿ ਇਸ ਸਸਤੀ ਦਵਾਈ ਨਾਲ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਵੈਟੀਲੇਟਰ ਤੇ ਰੱਖਣ ਦੀ ਜਰੂਰਤ ਘੱਟ ਪਵੇਗੀ। 

ਹੁਣ ਕਰੋਨਾ ਦੇ ਮਰੀਜ਼ਾਂ ਨੂੰ ਇਲਾਜ ਦੇ ਨਾਲ-ਨਾਲ ਇਹ ਦਵਾਈ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ  ਹੈ ਕਿ ਆਮ ਤੌਰ ਤੇ ਵਰਤੀ ਜਾਣ ਵਾਲੀ Ibuprofen ਨੂੰ ਟ੍ਰਾਇਲ ਦੇ ਦੌਰਾਨ ਇਕ ਵਿਸ਼ੇਸ ਤਰ੍ਹਾਂ ਨਾਲ ਤਿਆਰ ਕਰਕੇ ਵਰਤਿਆ  ਜਾਵੇਗਾ। ਕਿੰਗਜ਼ ਕਾਲਜ ਲੰਡਨ ਦੇ ਪ੍ਰੋਫੈਸਰ ਮਿਤੂਲ ਮਹਿਤਾ ਨੇ ਕਿਹਾ ਕਿ ਅਸੀਂ ਟ੍ਰਾਇਲ ਚਲਾ ਰਹੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਜੋ ਅਸੀਂ ਸੋਚ ਰਹੇ ਹਾਂ ਉਹ ਅਸਲ ਵਿਚ ਵੀ ਸਾਬਿਤ ਹੁੰਦਾ ਹੈ।