ਆਤਮਘਾਤੀ ਹਮਲਾ : ਸੋਗ 'ਚ ਡੁੱਬੇ ਹਿੰਦੂ-ਸਿੱਖ

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸਿੱਖ ਅਤੇ ਹਿੰਦੂ ਕੌਮ ਦੇ ਘੱਟੋ-ਘੱਟ 19 ਲੋਕਾਂ ਦੇ ਮਾਰੇ......

Suicide Attack

ਜਲਾਲਾਬਾਦ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸਿੱਖ ਅਤੇ ਹਿੰਦੂ ਕੌਮ ਦੇ ਘੱਟੋ-ਘੱਟ 19 ਲੋਕਾਂ  ਦੇ ਮਾਰੇ ਜਾਣ ਅਤੇ 21 ਦੇ ਜ਼ਖ਼ਮੀ ਹੋਣ ਤੋਂ ਬਾਅਦ ਇਨ੍ਹਾਂ ਭਾਈਚਾਰੇ ਦੇ ਲੋਕ ਸੋਗ ਵਿਚ ਹਨ ਅਤੇ ਉਨ੍ਹਾਂ 'ਚ ਕਾਫੀ ਗੁੱਸਾ ਵੀ ਹੈ। ਮ੍ਰਿਤਕਾਂ ਦੇ ਪਰਵਾਰ ਵਾਲੇ ਅਪਣਿਆਂ ਦੇ ਅੰਤਮ ਸਸਕਾਰ ਦੀ ਤਿਆਰੀ ਵਿਚ ਹਨ। ਬੀਤੇ ਦਿਨੀਂ ਜਲਾਲਾਬਾਦ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਦੀ ਭੀੜ 'ਚ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਸੀ, ਜਿਸ 'ਚ 19 ਲੋਕ ਮਾਰੇ ਗਏ ਸਨ ਅਤੇ 21 ਜ਼ਖ਼ਮੀ ਹੋ ਗਏ।

ਐਂਬੂਲੈਂਸਾਂ 'ਚ ਲਾਸ਼ਾਂ ਰਖਦੇ ਹੋਏ ਲੋਕਾਂ ਨੇ 'ਅਸ਼ਰਫ਼ ਗਨੀ ਮੁਰਦਾਬਾਦ' ਅਤੇ 'ਸਰਕਾਰ ਮੁਰਦਾਬਾਦ' ਦੇ ਨਾਹਰੇ ਲਾਏ। ਅੰਤਮ ਸਸਕਾਰ ਲਈ ਲਾਸ਼ਾਂ ਨੂੰ ਇਕ ਮੰਦਰ 'ਚ ਲਿਜਾਇਆ ਜਾਵੇਗਾ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾਂ 'ਚ 17 ਸਿੱਖ ਅਤੇ ਹਿੰਦੂ ਸਨ। ਇਨ੍ਹਾਂ 'ਚ ਅਵਤਾਰ ਸਿੰਘ ਵੀ ਸ਼ਾਮਲ ਸੀ, ਜੋ ਕਿ 20 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾ ਰਹੇ ਇਕੋ-ਇਕ ਸਿੱਖ ਉਮੀਦਵਾਰ ਸਨ। ਇਸ ਤੋਂ ਇਲਾਵਾ ਸਮਾਜਸੇਵੀ ਰਵਾਇਲ ਸਿੰਘ ਵੀ ਮ੍ਰਿਤਕਾਂ 'ਚ ਸ਼ਾਮਲ ਹਨ।

ਹਸਪਤਾਲ ਤੋਂ ਅਪਣੇ ਪਿਤਾ ਅਵਤਾਰ ਸਿੰਘ ਦੀ ਲਾਸ਼ ਲਿਜਾਣ ਸਮੇਂ ਨਰਿੰਦਰ ਸਿੰਘ ਨੇ ਦਸਿਆ, ''ਇਸ ਹਮਲੇ ਨੇ ਸਾਡੇ ਕਈ ਅਜਿਹੇ ਬਜ਼ੁਰਗਾਂ ਦੀ ਜਾਨ ਲੈ ਲਈ, ਜਿਨ੍ਹਾਂ ਨੇ ਅਪਣੇ ਦੇਸ਼ ਨੂੰ ਕਿਸੇ ਚੀਜ਼ ਤੋਂ ਵੱਧ ਕੇ ਪਿਆਰ ਦਿਤਾ। ਹਮਲਾਵਰਾਂ ਦਾ ਨਿਸ਼ਾਨਾ ਸਿੱਧਾ ਸਾਡੇ 'ਤੇ ਸੀ। ਸਰਕਾਰ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਪਹਿਲਾਂ ਸਾਡੀ ਗਿਣਤੀ ਇਥੇ ਜ਼ਿਆਦਾ ਸੀ, ਪਰ ਹੁਣ ਜ਼ਿਆਦਾਤਰ ਸਾਨੂੰ ਛੱਡ ਕੇ ਚਲੇ ਗਏ।''

ਇਕ ਅਨੁਮਾਨ ਮੁਤਾਬਕ ਮੁਸਲਿਮ ਬਹੁਗਿਣਤੀ ਅਫ਼ਗ਼ਾਨਿਸਤਾਨ 'ਚ ਲਗਭਗ 1000 ਸਿੱਖ ਅਤੇ ਹਿੰਦੂ ਰਹਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਜਲਾਲਾਬਾਦ, ਗਜਨੀ ਅਤੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਰਹਿੰਦੇ ਹਨ। ਗਨੀ ਸੂਬੇ ਦੇ ਦੋ ਦਿਨ ਦੇ ਦੌਰੇ ਤਹਿਤ ਐਤਵਾਰ ਨੂੰ ਜਲਾਲਾਬਾਦ ਵਿਚ ਸਨ। ਹਮਲੇ 'ਚ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। (ਪੀਟੀਆਈ)