ਪੋਲੈਂਡ 'ਚ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਭਾਰਤੀ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਸ਼ਹਿਰ ਦਾ ਹੈ ਪਰ ਟਵਿਟਰ 'ਤੇ ਲੋਕ ਇਸ 'ਤੇ ਟਿੱਪਣੀ ਕਰ ਰਹੇ ਹਨ ਅਤੇ ਵਾਰਸਾ ਪੁਲਿਸ ਨੂੰ ਟੈਗ ਕਰ ਰਹੇ ਹਨ

Indian man victim of racial remarks in Poland

 

ਵਾਰਸਾ: ਪੋਲੈਂਡ ਵਿਚ ਇਕ ਭਾਰਤੀ ਵਿਅਕਤੀ ਉੱਤੇ ਨਸਲੀ ਟਿੱਪਣੀ ਕਰਨ ਅਤੇ ਉਸ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅਮਰੀਕੀ ਵਿਅਕਤੀ ਨੇ ਕਥਿਤ ਤੌਰ 'ਤੇ ਭਾਰਤੀ ਨੂੰ "ਪਰਜੀਵੀ" ਅਤੇ "ਹਮਲਾਵਰ" ਵਰਗੇ ਸ਼ਬਦਾਂ ਨਾਲ ਬੁਲਾਇਆ ਅਤੇ ਉਸ ਨੂੰ "ਦੇਸ਼ ਛੱਡਣ" ਲਈ ਕਿਹਾ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਭਾਰਤੀ ਦੇਖਿਆ ਜਾ ਸਕਦਾ ਹੈ। ਅਜੇ ਤੱਕ ਇਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ। ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਸ਼ਹਿਰ ਦਾ ਹੈ ਪਰ ਟਵਿਟਰ 'ਤੇ ਲੋਕ ਇਸ 'ਤੇ ਟਿੱਪਣੀ ਕਰ ਰਹੇ ਹਨ ਅਤੇ ਵਾਰਸਾ ਪੁਲਿਸ ਨੂੰ ਟੈਗ ਕਰ ਰਹੇ ਹਨ। ਵੀਡੀਓ ਵਿਚ ਭਾਰਤੀ ਨੂੰ ਇਕ ਮਾਲ ਦੇ ਨੇੜੇ ਤੋਂ ਲੰਘਦਾ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕਥਿਤ ਤੌਰ 'ਤੇ ਅਮਰੀਕੀ ਵਿਅਕਤੀ ਨੂੰ ਵੀਡੀਓ ਨਾ ਬਣਾਉਣ ਲਈ ਕਹਿੰਦੇ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਉਸ ਨੂੰ ਪੁੱਛ ਰਿਹਾ ਹੈ ਕਿ ਉਹ ਯੂਰਪ ਕਿਉਂ ਆਇਆ ਹੈ। ਕੈਮਰੇ ਦੇ ਪਿੱਛੇ ਬੈਠਾ ਆਦਮੀ ਕਹਿ ਰਿਹਾ ਹੈ, “ਮੈਂ ਅਮਰੀਕਾ ਤੋਂ ਹਾਂ। ਅਤੇ... ਇੱਥੇ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਹਨ। ਤੁਸੀਂ ਪੋਲੈਂਡ ਵਿਚ ਕਿਉਂ ਹੋ? ਤੁਸੀਂ ਇੱਥੇ ਕਿਉਂ ਆਏ ਹੋ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਪੋਲੈਂਡ 'ਤੇ ਹਮਲਾ ਕਰ ਸਕਦੇ ਹੋ? ਤੁਸੀਂ ਆਪਣੇ ਦੇਸ਼ ਵਾਪਸ ਕਿਉਂ ਨਹੀਂ ਚਲੇ ਜਾਂਦੇ?"

ਉਸ ਨੇ ਕਿਹਾ, ''ਤੁਸੀਂ ਸਾਡੇ ਦੇਸ਼ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਹਾਡੇ ਕੋਲ ਭਾਰਤ ਹੈ। ਤੁਸੀਂ ਗੋਰਿਆਂ ਦੀ ਜ਼ਮੀਨ 'ਤੇ ਆ ਕੇ ਕਬਜ਼ਾ ਕਿਉਂ ਕਰਦੇ ਹੋ? ਤੁਸੀਂ ਆਪਣਾ ਦੇਸ਼ ਕਿਉਂ ਨਹੀਂ ਬਣਾਉਂਦੇ? ਤੁਸੀਂ ਪਰਜੀਵੀ ਕਿਉਂ ਹੋ? ਤੁਸੀਂ ਸਾਡੀ ਨਸਲ ਨੂੰ ਮਾਰ ਰਹੇ ਹੋ। ਤੁਸੀਂ ਇਕ ਹਮਲਾਵਰ ਹੋ ਆਪਣੇ ਘਰ ਹਮਲਾਵਰ ਕੋਲ ਜਾਓ। ਅਸੀਂ ਤੁਹਾਨੂੰ ਯੂਰਪ ਵਿਚ ਨਹੀਂ ਦੇਖਣਾ ਚਾਹੁੰਦੇ। ਪੋਲੈਂਡ ਸਿਰਫ ਪੋਲਿਸ਼ ਲੋਕਾਂ ਲਈ ਹੈ। ਤੁਸੀਂ ਪੋਲਿਸ਼ ਨਹੀਂ ਹੋ।"

ਇਹ ਸਪੱਸ਼ਟ ਨਹੀਂ ਹੈ ਕਿ ਉਕਤ ਘਟਨਾ ਕਦੋਂ ਵਾਪਰੀ ਜਾਂ ਇਹਨਾਂ ਦੋਵਾਂ ਵਿਅਕਤੀਆਂ ਵਿਚਕਾਰ ਇਹ ਗੱਲਬਾਤ ਕਦੋਂ ਹੋਈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ 'ਸ਼ਰਮਨਾਕ ਨਸਲਵਾਦੀ ਟਿੱਪਣੀ' ਕਹਿ ਕੇ ਨਿੰਦਾ ਕਰ ਰਹੇ ਹਨ। ਇਸ ਘਟਨਾ ਤੋਂ ਇਕ ਹਫ਼ਤਾ ਪਹਿਲਾਂ ਅਮਰੀਕਾ ਦੇ ਟੈਕਸਾਸ ਵਿਚ ਭਾਰਤੀ ਅਮਰੀਕੀ ਔਰਤਾਂ ਦੇ ਇਕ ਸਮੂਹ ਉੱਤੇ ਇਕ ਮੈਕਸੀਕਨ ਔਰਤ ਵੱਲੋਂ ਨਸਲੀ ਟਿੱਪਣੀ ਕੀਤੀ ਗਈ ਸੀ।