ਪਾਕਿਸਤਾਨ ਨੇ ਹਿੰਦੂਆਂ ਦੀ ਧਾਰਮਿਕ ਥਾਂ ਨੂੰ ਕੌਮੀ ਵਿਰਾਸਤ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਇਤਿਹਾਸਕ ਥਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਦੋਸ਼ੀ ਪਾਏ ਜਾਣ 'ਤੇ ਹਰ ਆਦਮੀ 'ਤੇ 20 ਲੱਖ ਰੁਪਏ ਦਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਸਜ਼ਾ ਦਾ ਐਲਾਨ ਕੀਤਾ ਹੈ।

Hindu Religious Site Panj Tirath

ਇਸਲਾਮਾਬਾਦ : ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਸਰਕਾਰ ਨੇ ਪੇਸ਼ਾਵਰ ਵਿਚ ਸਥਿਤ ਪੁਰਾਤਨ ਹਿੰਦੂ ਧਾਰਮਿਕ ਥਾਂ ਪੰਜ ਤੀਰਥ ਨੂੰ ਕੌਮੀ ਵਿਰਾਸਤ ਐਲਾਨਿਆ ਹੈ। ਇਥੇ ਸਥਿਤ ਪੰਜ ਸਰੋਵਰਾਂ ਕਾਰਨ ਇਸ ਦਾ ਨਾਮ ਪੰਜ ਤੀਰਥ ਪਿਆ। ਇਸ ਤੋਂ ਇਲਾਵਾ ਇਥੇ ਮੰਦਰ ਅਤੇ ਖਜ਼ੂਰਾਂ ਦੇ ਦਰਖ਼ਤਾਂ ਵਾਲਾ ਬਾਗ ਹੈ। ਇਸ ਵਿਰਾਸਤੀ ਥਾਂ ਦੇ ਪੰਜ ਸਰੋਵਰ ਚਾਚਾ ਯੂਨਸ ਪਾਰਕ ਅਤੇ ਖੈਬਰ ਪਖਤੂਨਖਵਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਘੇਰੇ ਅੰਦਰ ਆਉਂਦੇ ਹਨ।

ਖੈਬਰ ਪਖਤੂਨਖਵਾ ਪੁਰਾਤਤਵ ਅਤੇ ਅਜਾਇਬ ਘਰ ਡਾਇਰੈਕਟੋਰੇਟ ਵੱਲੋਂ ਸੂਚਨਾ ਜਾਰੀ ਕਰਕੇ ਕੇਪੀ ਐਂਟੀਕਿਉਟੀਜ਼ ਐਕਟ 2016 ਅਧੀਨ ਪੰਜ ਤੀਰਥ ਪਾਰਕ ਦੀ ਜ਼ਮੀਨ ਨੂੰ ਵਿਰਾਸਤੀ ਥਾਂ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਸ ਦੇ ਨਾਲ ਹੀ ਇਸ ਇਤਿਹਾਸਕ ਥਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਦੋਸ਼ੀ ਪਾਏ ਜਾਣ 'ਤੇ ਹਰ ਆਦਮੀ 'ਤੇ 20 ਲੱਖ ਰੁਪਏ ਦਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਸਜ਼ਾ ਦਾ ਐਲਾਨ ਕੀਤਾ ਹੈ। ਅਜਿਹੀ ਮਾਨਤਾ ਹੈ ਕਿ ਇਸ ਸਥਾਨ ਦਾ ਸਬੰਧ ਮਹਾਭਾਰਤ ਵੇਲ੍ਹੇ ਦੇ ਰਾਜਾ ਪਾਂਡੂ ਨਾਲ ਹੈ।

ਉਹ ਇਸ ਖੇਤਰ ਨਾਲ ਸਬੰਧ ਰੱਖਦੇ ਸਨ। ਹਿੰਦੂ ਇਹਨਾਂ ਸਰੋਵਰਾਂ ਵਿਚ ਇਸ਼ਨਾਨ ਕਰਨ ਲਈ ਕੱਤਕ ਦੇ ਮਹੀਨੇ ਵਿਚ ਆਉਂਦੇ ਸਨ ਅਤੇ ਦਰਖ਼ਤਾਂ ਦੇ ਹੇਠਾਂ ਦੋ ਦਿਨਾਂ ਤੱਕ ਪੂਜਾ ਕਰਦੇ ਸਨ। 1747 ਵਿਚ ਅਫਗਾਨ ਦੁਰਾਨੀ ਰਾਜਵੰਸ਼ ਦੇ ਸ਼ਾਸਨਕਾਲ ਦੌਰਾਨ ਇਸ ਧਾਰਮਿਕ ਥਾਂ ਨੂੰ ਨੁਕਸਾਨ ਪਹੁੰਚਿਆ ਸੀ। ਹਾਲਾਂਕਿ 1834 ਵਿਚ ਸਿੱਖ ਸ਼ਾਸਨ ਕਾਲ ਦੌਰਾਨ ਸਥਾਨਕ ਹਿੰਦੂਆਂ ਨੇ ਇਹਨਾਂ ਦੀ ਮੁੜ ਤੋਂ ਉਸਾਰੀ ਕਰਕੇ ਇਥੇ ਪੂਜਾ ਕਰਨੀ ਸ਼ੁਰੂ ਕੀਤੀ।