ਪਾਕਿਸਤਾਨ 'ਚ ਸਿੱਖ ਅਸਥਾਨਾਂ ਦੇ ਪੁਨਰਵਾਸ ਲਈ ਅੱਗੇ ਆਈ WCLA

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ ਵਲੋਂ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿਚ ਸਿੱਖ ਸਮਾਜ ਦੇ ਘੱਟ ਤੋਂ ਘੱਟ ਤਿੰਨ ਪਵਿੱਤਰ ਅਸਥਾਨਾਂ ਦੇ ਪੁਨਰਵਾਸ ...

WCLA

ਜੇਹਲਮ : ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ ਵਲੋਂ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿਚ ਸਿੱਖ ਸਮਾਜ ਦੇ ਘੱਟ ਤੋਂ ਘੱਟ ਤਿੰਨ ਪਵਿੱਤਰ ਅਸਥਾਨਾਂ ਦੇ ਪੁਨਰਵਾਸ ਲਈ ਤਕਨੀਕੀ ਮੁਹਾਰਤ ਮੁਹਈਆ ਕਰਵਾਈ ਜਾਵੇਗੀ। ਇਨ੍ਹਾਂ ਧਾਰਮਿਕ ਅਸਥਾਨਾਂ ਵਿਚ ਜੇਹਲਮ ਸ਼ਹਿਰ ਦੇ ਗੁਰਦੁਆਰਾ ਭਾਈ ਕਰਮ ਸਿੰਘ, ਗੁਰਦੁਆਰਾ ਚੋਆ ਸਾਹਿਬ ਅਤੇ ਦੀਨਾ ਨੇੜੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਹੱਦ ਦੇ ਅੰਦਰ ਪੈਂਦਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਸ਼ਾਮਲ ਹਨ। ਡਬਲਯੂਸੀਐਲਏ ਦੇ ਡਾਇਰੈਕਟਰ ਜਨਰਲ ਕਾਮਰਾਨ ਲੇਸ਼ਾਰੀ ਨੇ ਹੋਰ ਦੂਜੇ ਉਚ ਅਧਿਕਾਰੀਆਂ ਨਾਲ ਇਨ੍ਹਾਂ ਅਸਥਾਨਾਂ ਦਾ ਜਾਇਜ਼ਾ ਲਿਆ

ਜਿੱਥੇ ਜੇਲ੍ਹਮ ਦੇ ਡਿਪਟੀ ਕਮਿਸ਼ਨਰ ਸੈਫ਼ ਅਨਵਰ ਜੱਪਾ ਨੇ ਉਨ੍ਹਾਂ ਨੂੰ ਇਨ੍ਹਾਂ ਅਸਥਾਨਾਂ ਦੇ ਪਿਛੋਕੜ ਬਾਰੇ ਜਾਣਕਾਰੀ ਦਿਤੀ। ਇਸ ਦੌਰਾਨ ਗੱਲਬਾਤ ਕਰਦਿਆਂ ਡੀਸੀ ਨੇ ਆਖਿਆ ਕਿ ਇਨ੍ਹਾਂ ਅਸਥਾਨਾਂ ਦਾ ਪੁਨਰਵਾਸ ਸਮੇਂ ਦੀ ਜ਼ਰੂਰਤ ਸੀ, ਜਿਸ ਦੇ ਲਈ ਪ੍ਰਸ਼ਾਸਨ ਨੇ ਸੰਘੀ ਸੂਚਨਾ ਮੰਤਰੀ ਫਵਾਦ ਚੌਧਰੀ ਦੇ ਨਿਰਦੇਸ਼ ਅਨੁਸਾਰ ਕੰਮਕਾਰ ਸ਼ੁਰੂ ਕੀਤਾ ਸੀ। ਉਨ੍ਹਾਂ ਆਖਿਆ ਕਿ ਡਬਲਯੂਸੀਐਲਏ ਦੇ ਮਾਹਿਰ ਪ੍ਰੋਜੈਕਟ ਦਾ ਅਧਿਐਨ ਕਰਨਗੇ, ਜਿਸ ਵਿਚ ਅਨੁਮਾਨਤ ਲਾਗਤ ਦੇ ਨਾਲ-ਨਾਲ ਹੋਰ ਸਬੰਧਤ ਕੰਮਕਾਰ ਸ਼ਾਮਲ ਹਨ। ਇਸ ਤੋਂ ਬਾਅਦ ਸਰਕਾਰ ਨੂੰ ਜ਼ਰੂਰੀ ਪੈਸੇ ਲਈ ਬੇਨਤੀ ਕੀਤੀ ਜਾਵੇਗੀ।

ਡਬਲਯੂਸੀਐਲਏ ਦੇ ਡਾਇਰੈਕਟਰ ਨੇ ਕਿਹਾ ਕਿ ਭਾਈ ਕਰਮ ਸਿੰਘ ਗੁਰਦੁਆਰਾ ਸਾਹਿਬ ਨੂੰ ਪੁਰਾਣੀਆਂ ਤਸਵੀਰਾਂ, ਨਕਸ਼ਿਆਂ ਅਤੇ ਇਮਾਰਤ ਦੇ ਡਿਜ਼ਾਇਨ ਅਤੇ ਲੋਕ ਵਿਰਸਾ ਮਾਡਲ 'ਤੇ ਇਕ ਅਜ਼ਾਇਬ ਘਰ ਦੀ ਮਦਦ ਨਾਲ ਅਪਣੇ ਅਸਲੀ ਰੂਪ ਵਿਚ ਫਿਰ ਤੋਂ ਵਸਾਇਆ ਜਾਵੇਗਾ। ਇਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਇਕ ਸੈਲਾਨੀ ਸਥਾਨ ਦੇ ਨਾਲ-ਨਾਲ ਵਿਸ਼ਵ ਭਰ ਦੇ ਸਿੱਖਾਂ ਲਈ ਆਕਰਸ਼ਣ ਦਾ ਕੇਂਦਰ ਬਣ ਜਾਵੇਗਾ। ਦਸ ਦਈਏ ਕਿ ਕਰਤਾਰਪੁਰ ਸਾਹਿਬ ਦਾ ਲਾਂਘੇ ਦਾ ਨੀਂਹ ਪੱਥਰ ਰੱਖਣ ਮਗਰੋਂ ਪਾਕਿਸਤਾਨ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਦੀ ਨੁਹਾਰ ਬਦਲਣ ਵੱਲ ਵੀ ਪਾਕਿਸਤਾਨ ਸਰਕਾਰ ਵਲੋਂ ਧਿਆਨ ਦਿਤਾ ਜਾ ਰਿਹਾ ਹੈ, ਤਾਂ ਜੋ ਸਿੱਖ ਵਿਰਸੇ ਨੂੰ ਸੰਭਾਲਿਆ ਜਾ ਸਕੇ।