ਪਾਕਿਸਤਾਨ ‘ਚ ਲੱਗੀ ਨਗਰ ਕੀਰਤਨ ‘ਤੇ ਰੋਕ! ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆਈ ਹੈ।

Nagar Kirtan

ਲਾਹੌਰ: ਬੀਤੇ ਦਿਨ ਪਾਕਿਸਤਾਨ ਵਿਚ ਸਥਿਤ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਪਾਕਿਸਤਾਨ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆਈ ਹੈ। ਸਥਾਨਕ ਪ੍ਰਸ਼ਾਸਨ ਨੇ ਸਿੱਖ ਭਾਈਚਾਰੇ ਵੱਲੋਂ ਕੱਢੇ ਜਾਣ ਵਾਲੇ ਨਗਰ ਕੀਰਤਨ ‘ਤੇ ਰੋਕ ਲਗਾ ਦਿੱਤੀ ਹੈ।

ਸਥਾਨਕ ਪੁਲਿਸ ਅਨੁਸਾਰ ਜੇਕਰ ਨਗਰ ਕੀਰਤਨ ਕੱਢਿਆ ਗਿਆ ਤਾਂ ਇਲਾਕੇ ਵਿਚ ਤਣਾਅ ਫੈਲ ਸਕਦਾ ਹੈ। ਬੀਤੇ ਦਿਨ ਪਾਕਿਸਤਾਨ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਭਾਰਤ ਨੇ ਵੀ ਇਸ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਹੈ।

 

ਦੱਸ ਦਈਏ ਕਿ ਇਹ ਸਾਰਾ ਮਾਮਲਾ ਇਕ ਸਿੱਖ ਲੜਕੀ ਜਗਜੀਤ ਕੌਰ ਪੁੱਤਰੀ ਗਿਆਨੀ ਭਗਵਾਨ ਸਿੰਘ ਵਲੋਂ ਇਸਲਾਮ ਕਬੂਲ ਕਰਨ ਤੋ ਬਾਅਦ ਪੈਦਾ ਹੋਇਆ ਹੈ। ਜਗਜੀਤ ਕੌਰ ਦਾ ਨਿਕਾਹ ਮੁਹੰਮਦ ਅਹਿਸਨ ਨਾਲ ਹੋਇਆ ਸੀ ਜਿਸ ਤੋ ਬਾਅਦ ਨਨਕਾਣਾ ਸਾਹਿਬ ਸਮੇਤ ਪੂਰੇ ਪਾਕਿਸਤਾਨ ਵਿਚ ਸਿੱਖਾਂ ਨੇ ਇਸ ਜਬਰੀ ਧਰਮ ਪਰਵਰਤਨ ਅਤੇ ਨਿਕਾਹ ਦੀ ਵਿਰੋਧਤਾ ਕੀਤੀ ਸੀ।

ਨਨਕਾਣਾ ਸਾਹਿਬ ਵਿਚ ਵਾਪਰੀ ਇਸ ਘਟਨਾ ਤੋਂ ਬਾਅਨ ਸ਼ਨੀਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।

ਕਮੇਟੀ ਪ੍ਰਧਾਨ ਸਿਰਸਾ ਨੇ ਇਕ ਮੰਗ ਪੱਤਰ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੌਂਪਿਆ ਹੈ। ਇਸੇ ਤਰ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਇਸ ਹਮਲੇ ਤੋਂ ਬਾਅਦ ਗੁਰਦੁਆਰੇ ਦਾ ਜਾਇਜ਼ਾ ਲੈਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਦਾ ਵਫਦ ਨਨਕਾਣਾ ਸਾਹਿਬ ਜਾਵੇਗਾ।