ਸਿੰਗਾਪੁਰ ਵਿੱਚ ਨੌਕਰਾਣੀ ਨੂੰ ਤਸੀਹੇ ਦੇਣ ਦੇ ਮਾਮਲੇ 'ਚ ਭਾਰਤੀ ਮੂਲ ਦੀ ਔਰਤ ਦੋਸ਼ੀ ਕਰਾਰ
ਅਦਾਲਤ 6 ਫਰਵਰੀ ਨੂੰ ਸੁਣਾਵੇਗੀ ਫ਼ੈਸਲਾ
ਸਿੰਗਾਪੁਰ - ਸਿੰਗਾਪੁਰ ਵਿੱਚ ਬੁੱਧਵਾਰ ਨੂੰ ਭਾਰਤੀ ਮੂਲ ਦੀ ਇੱਕ ਔਰਤ ਨੂੰ ਆਪਣੀ ਘਰੇਲੂ ਨੌਕਰਾਣੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ।
ਜ਼ਿਲ੍ਹਾ ਜੱਜ ਓਵ ਯੋਂਗ ਟਕ ਲਿਓਂਗ ਨੇ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ 38 ਸਾਲਾ ਦੀਪਕਲਾ ਚੰਦਰ ਸੇਚਰਨ ਨੂੰ ਹਮਲੇ ਦੇ ਤਿੰਨ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ। ਅਦਾਲਤ 6 ਫਰਵਰੀ ਨੂੰ ਸਜ਼ਾ ਸੁਣਾਏਗੀ।
'ਦਿ ਸਟਰੇਟਸ ਟਾਈਮਜ਼' ਅਖਬਾਰ ਦੀ ਰਿਪੋਰਟ ਮੁਤਾਬਕ ਸੇਚਰਨ ਦਾ ਅਪਰਾਧ ਉਦੋਂ ਸਾਹਮਣੇ ਆਇਆ ਜਦੋਂ ਇੱਕ ਹੋਰ ਘਰੇਲੂ ਨੌਕਰਾਣੀ ਦੀ ਸੂਚਨਾ 'ਤੇ ਪੁਲਸ ਅਧਿਕਾਰੀ ਉਸ ਦੇ ਘਰ ਪਹੁੰਚੇ। ਅਖਬਾਰ ਅਨੁਸਾਰ, ਪੀੜਤ ਐਨੀ ਅਗਸਟਿਨ ਨੇ 9 ਦਸੰਬਰ 2019 ਨੂੰ ਸੇਚਰਨ ਦੇ ਘਰ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਸ ਤੋਂ 16 ਦਿਨਾਂ ਬਾਅਦ ਤੋਂ ਉਸ ਨਾਲ ਦੁਰਵਿਵਹਾਰ ਕੀਤਾ ਜਾਣ ਲੱਗਿਆ। ਇਹ ਸਿਲਸਿਲਾ ਜਾਰੀ ਰਿਹਾ, ਅਤੇ ਇੱਕ ਸਮੇਂ ਸੇਚਰਨ ਨੇ ਨੌਕਰਾਣੀ ਨੂੰ ਲੱਕੜ ਦੇ ਹੈਂਗਰ ਨਾਲ ਕੁੱਟਿਆ।
ਇੱਕ ਹੋਰ ਫ਼ਲੈਟ ਵਿੱਚ ਕੰਮ ਕਰ ਰਹੀ ਇੱਕ ਹੋਰ ਘਰੇਲੂ ਨੌਕਰਾਣੀ ਨੇ 25 ਅਪ੍ਰੈਲ 2020 ਨੂੰ ਸੈਂਟਰ ਫ਼ਾਰ ਡੋਮੇਸਟਿਕ ਇੰਪਲਾਈਜ਼ ਨੂੰ ਫ਼ੋਨ ਕੀਤਾ, ਜਦੋਂ ਉਸ ਨੇ ਅਗਸਟਿਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਦੇਖੇ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸੇਚਰਨ ਦੇ ਫ਼ਲੈਟ 'ਤੇ ਪਹੁੰਚੀ।
ਔਰਤ ਨੇ ਸੱਟਾਂ ਲੁਕੋਣ ਲਈ ਪੀੜਤ ਦੇ ਚਿਹਰੇ 'ਤੇ ਫ਼ਾਉਂਡੇਸ਼ਨ ਦੀ ਮੋਟੀ ਪਰਤ ਲਗਾ ਦਿੱਤੀ ਅਤੇ ਉਸ ਨੂੰ ਸੱਟਾਂ ਬਾਰੇ ਪੁਲਿਸ ਨੂੰ ਝੂਠ ਬੋਲਣ ਲਈ ਕਿਹਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸੇਚਰਨ ਨੇ ਦੋਸ਼ ਲਾਇਆ ਸੀ ਕਿ ਨੌਕਰਾਣੀ ਆਪਣੇ ਆਪ ਜ਼ਖਮੀ ਹੋਈ ਸੀ। ਬਾਅਦ ਵਿੱਚ ਕੀਤੀ ਗਈ ਜਾਂਚ ਦੌਰਾਨ ਔਰਤ ਦੀ ਕਰਤੂਤ ਦਾ ਖੁਲਾਸਾ ਹੋਇਆ।