ਬ੍ਰਿਟੇਨ ਨੇ ਮੰਨਿਆ, 'ਜ਼ਬਰਦਸਤੀ ਲੈ ਗਏ ਸੀ ਕੋਹਿਨੂਰ'

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਾਹੀ ਪ੍ਰਵਾਰ ਦੀ ਪ੍ਰਦਰਸ਼ਨੀ ਵਿਚ ਲਿਖਿਆ; ‘ਮਹਾਰਾਜਾ ਦਲੀਪ ਸਿੰਘ ਨੂੰ ਹੀਰਾ ਦੇਣ ਲਈ ਮਜਬੂਰ ਕੀਤਾ ਸੀ’

Britain Admits Kohinoor Diamond Was ‘Forcibly’ Taken From India

 

ਲੰਡਨ: ਬ੍ਰਿਟੇਨ ਦੇ ਸ਼ਾਹੀ ਪ੍ਰਵਾਰ ਨੇ ਇਹ ਮੰਨ ਲਿਆ ਹੈ ਕਿ ਈਸਟ ਇੰਡੀਆ ਕੰਪਨੀ ਭਾਰਤ ਤੋਂ ਕੋਹਿਨੂਰ ਹੀਰਾ ਲੈ ਗਈ ਸੀ। ਮਹਾਰਾਜਾ ਦਲੀਪ ਸਿੰਘ ਨੂੰ ਇਸ ਨੂੰ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬਰਤਾਨੀਆ ਦੇ ਟਾਵਰ ਆਫ਼ ਲੰਡਨ ਵਿਚ ਸ਼ਾਹੀ ਗਹਿਣਿਆਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਵਿਚ ਦਸਿਆ ਹੈ ਕਿ ਲਾਹੌਰ ਸੰਧੀ ਦੇ ਤਹਿਤ ਦਲੀਪ ਸਿੰਘ ਦੇ ਸਾਹਮਣੇ ਕੋਹਿਨੂਰ ਸੌਂਪਣ ਦੀ ਸ਼ਰਤ ਰੱਖੀ ਗਈ ਸੀ।

 

ਬਕਿੰਘਮ ਪੈਲੇਸ ਦੇ ਰਾਇਲ ਕਲੈਕਸ਼ਨ ਟਰੱਸਟ ਦੀ ਮਨਜ਼ੂਰੀ ਤੋਂ ਬਾਅਦ ਪ੍ਰਦਰਸ਼ਨੀ ਵਿਚ ਇਹ ਟੈਕਸਟ ਲਿਖਿਆ ਗਿਆ ਹੈ। ਦਰਅਸਲ, ਟਾਵਰ ਆਫ਼ ਲੰਡਨ ਦੀ ਪ੍ਰਦਰਸ਼ਨੀ ਵਿਚ ਪਹਿਲੀ ਵਾਰ ਕੋਹਿਨੂਰ ਸਮੇਤ ਕਈ ਕੀਮਤੀ ਹੀਰੇ ਅਤੇ ਗਹਿਣੇ ਸ਼ਾਮਲ ਕੀਤੇ ਗਏ ਹਨ। ਇਥੇ ਕੋਹਿਨੂਰ ਦਾ ਇਤਿਹਾਸ ਵੀ ਕਈ ਵੀਡੀਉਜ਼ ਅਤੇ ਪੇਸ਼ਕਾਰੀਆਂ ਰਾਹੀਂ ਦਸਿਆ ਜਾ ਰਿਹਾ ਹੈ। ਪ੍ਰਦਰਸ਼ਨੀ ਵਿਚ ਕੋਹਿਨੂਰ ਨੂੰ ਜਿੱਤ ਦੇ ਪ੍ਰਤੀਕ ਵਜੋਂ ਰਖਿਆ ਗਿਆ ਹੈ।

 

ਤਾਜ ਗਹਿਣਿਆਂ ਦੀ ਪ੍ਰਦਰਸ਼ਨੀ ਵਿਚ ਕੋਹਿਨੂਰ ’ਤੇ ਇਕ ਫ਼ਿਲਮ ਵੀ ਦਿਖਾਈ ਗਈ ਹੈ। ਇਸ ਵਿਚ ਇਸ ਦਾ ਪੂਰਾ ਇਤਿਹਾਸ ਗ੍ਰਾਫ਼ਿਕ ਮੈਪ ਰਾਹੀਂ ਦਿਖਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹੀਰਾ ਗੋਲਕੁੰਡਾ ਦੀਆਂ ਖਾਣਾਂ ਵਿਚੋਂ ਕੱਢੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਬਾਅਦ ਇਕ ਤਸਵੀਰ ਵਿਚ ਮਹਾਰਾਜਾ ਦਲੀਪ ਸਿੰਘ ਇਸਨੂੰ ਈਸਟ ਇੰਡੀਆ ਕੰਪਨੀ ਨੂੰ ਸੌਂਪਦੇ ਹੋਏ ਦਿਖਾਈ ਦੇ ਰਹੇ ਹਨ। ਇਕ ਹੋਰ ਤਸਵੀਰ ਵਿਚ ਕੋਹਿਨੂਰ ਬ੍ਰਿਟੇਨ ਦੀ ਮਹਾਰਾਣੀ ਮਾਂ ਦੇ ਤਾਜ ਵਿਚ ਨਜ਼ਰ ਆ ਰਿਹਾ ਹੈ। ਇਹ ਪ੍ਰਦਰਸ਼ਨੀ ਕਿੰਗ ਚਾਰਲਸ ਦੀ ਤਾਜਪੋਸ਼ੀ ਦੇ ਮੌਕੇ ’ਤੇ ਟਾਵਰ ਆਫ਼ ਲੰਡਨ ’ਚ ਲਗਾਈ ਗਈ ਹੈ। ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ 6 ਮਈ ਨੂੰ ਹੋਈ। ਕੈਮਿਲਾ ਨੇ ਤਾਜਪੋਸ਼ੀ ਮੌਕੇ ਮਹਾਰਾਣੀ ਐਲਿਜਾਬੈਥ ਦਾ ਕੋਹਿਨੂਰ ਜੜ੍ਹਿਆ ਤਾਜ ਨਹੀਂ ਪਹਿਨਿਆ ਸੀ।