Pakistan Air Base Attack news: ਪਾਕਿਸਤਾਨ ਦੇ ਮੀਆਂਵਾਲੀ ਏਅਰ ਬੇਸ 'ਤੇ ਅਤਿਵਾਦੀ ਹਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਸੰਗਠਨ ਨੇ ਲਈ ਜ਼ਿੰਮੇਵਾਰੀ

Pakistan Airbase Attack News

Pakistan Airbase Attack News: ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਹਵਾਈ ਫ਼ੌਜ ਦੇ ਇਕ ਸਿਖਲਾਈ ਅੱਡੇ 'ਤੇ ਹਮਲਾ ਕੀਤਾ, ਜਿਸ ਵਿਚ ਉਥੇ ਖੜ੍ਹੇ ਤਿੰਨ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਪਰ ਇਸ ਦੌਰਾਨ ਜਵਾਨਾਂ ਨੇ ਤਿੰਨ ਹਮਲਾਵਰਾਂ ਨੂੰ ਗੋਲੀ ਮਾਰ ਕੇ ਢੇਰ ਕਰ ਦਿਤਾ। ਪਾਕਿਸਤਾਨੀ ਫ਼ੌਜ ਨੇ ਇਕ ਬਿਆਨ 'ਚ ਕਿਹਾ ਕਿ ਅਤਿਵਾਦੀਆਂ ਨੇ ਉਸ ਦੀ ਹਵਾਈ ਫ਼ੌਜ ਦੇ ਮੀਆਂਵਾਲੀ ਟ੍ਰੇਨਿੰਗ ਬੇਸ 'ਤੇ ਹਮਲਾ ਕੀਤਾ, ਪਰ ਜਵਾਨਾਂ ਨੇ ਤਿੰਨ ਹਮਲਾਵਰਾਂ ਨੂੰ ਮਾਰ ਕੇ ਅਤੇ ਤਿੰਨ ਹੋਰਾਂ ਨੂੰ ਘੇਰ ਕੇ ਹਮਲੇ ਨੂੰ ਨਾਕਾਮ ਕਰ ਦਿਤਾ।

ਬਿਆਨ 'ਚ ਕਿਹਾ ਗਿਆ ਹੈ, ''ਹਾਲਾਂਕਿ ਹਮਲੇ ਦੌਰਾਨ ਬੇਸ 'ਤੇ ਖੜ੍ਹੇ ਤਿੰਨ ਜਹਾਜ਼ਾਂ ਅਤੇ ਇਕ ਈਂਧਣ ਵਾਲੇ ਵਾਹਨ ਨੂੰ ਵੀ ਮਾਮੂਲੀ ਨੁਕਸਾਨ ਹੋਇਆ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਬੇਸ 'ਚ ਦਾਖਲ ਹੁੰਦੇ ਸਮੇਂ ਤਿੰਨ ਅਤਿਵਾਦੀ ਮਾਰੇ ਗਏ ਸਨ, ਜਦਕਿ ਬਾਕੀ ਤਿੰਨ ਨੂੰ ਸਮੇਂ ਸਿਰ ਘੇਰ ਲਿਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਖੇਤਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਇਕ ਵਿਸ਼ਾਲ ਸੰਯੁਕਤ ਅਤੇ ਤਲਾਸ਼ੀ ਅਭਿਆਨ ਆਖਰੀ ਪੜਾਅ ਵਿਚ ਹੈ।

ਫ਼ੌਜ ਨੇ ਕਿਹਾ, ''ਪਾਕਿਸਤਾਨ ਹਥਿਆਰਬੰਦ ਬਲ ਹਰ ਕੀਮਤ 'ਤੇ ਦੇਸ਼ ਤੋਂ ਅਤਿਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਵਚਨਬੱਧ ਹਨ।'' ਇਸ ਹਮਲੇ ਤੋਂ ਕੁੱਝ ਘੰਟੇ ਪਹਿਲਾਂ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ 'ਚ ਅਤਿਵਾਦੀ ਹਮਲਿਆਂ 'ਚ ਘੱਟੋ-ਘੱਟ 17 ਫ਼ੌਜੀ ਮਾਰੇ ਗਏ ਸਨ। ਦਸਿਆ ਜਾ ਰਿਹਾ ਹੈ ਕਿ ਹਮਲੇ 'ਚ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਸੰਗਠਨ ਦੇ ਕਈ ਆਤਮਘਾਤੀ ਹਮਲਾਵਰ ਸ਼ਾਮਲ ਹਨ। ਇਸ ਸੰਗਠਨ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਨੇ ਵੀ ਹਮਲੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।

 

 

(For more news apart from Pakistan Air Base Attack Latest News Today in Punjabi, stay tuned to Rozana Spokesman)