ਯੂਕੇ ਵਾਸੀ ਪੰਜਾਬੀਆਂ ਨੂੰ ਏਅਰ ਇੰਡੀਆ ਦਾ ਵੱਡਾ ਤੋਹਫ਼ਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਸਟੇਨਸਟੈਡ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਰਹੇਗੀ ਜਾਰੀ

file photo

ਲੰਡਨ : ਲੰਡਨ ਦੇ ਸਟੇਨਸਟੈਡ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਸ਼ੁਰੂ ਸਿੱਧੀ ਉਡਾਣ ਦੇ ਬੰਦ ਹੋਣ ਦੀਆਂ ਅਫ਼ਵਾਹਾਂ ਕਾਰਨ ਪੰਜਾਬੀ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਏਅਰ ਇੰਡੀਆ ਵਲੋਂ ਇਸ ਸਬੰਧੀ ਰਾਹਤ ਦੀ ਖ਼ਬਰ ਆਈ ਹੈ। ਸੂਤਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ ਏਅਰ ਇੰਡੀਆ ਵਲੋਂ ਸਟੇਨਸਟੈਡ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ ਜਾਰੀ ਰਹੇਗੀ। ਇਹ ਦਾਅਵਾ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕੀਤਾ ਹੈ।

ਜਾਣਕਾਰੀ ਅਨੁਸਾਰ ਸੇਵਾ ਟਰੱਸਟ ਯੂਕੇ ਤੇ ਸਿੰਘ ਸਭਾ ਸਾਊਥਹਾਲ ਦੇ ਸੀਨੀਅਰ ਨੁਮਾਇੰਦਿਆਂ ਦੀ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ 'ਚ ਸੇਵਾ ਟਰੱਸਟ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ, ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਏਅਰ ਇੰਡੀਆ ਦੇ ਹੀਥਰੋ ਤੇ ਸਟੇਨਸਟੈਡ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਤੇ ਰਾਜ ਮਲਹੋਤਰਾ ਨੇ ਸ਼ਿਰਕਤ ਕੀਤੀ।

ਮੀਟਿੰਗ ਤੋਂ ਬਾਅਦ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਨੇ ਜਾਣਕਾਰੀ ਦਿਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਏਅਰ ਇੰਡੀਆ ਵਲੋਂ ਸਟੇਨਸਟੈਡ ਹਵਾਈ ਅੱਡੇ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਗਈ ਸਿੱਧੀ ਉਡਾਣ ਸਬੰਧੀ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਏਅਰ ਇੰਡੀਆ ਦਾ ਇਸ ਉਡਾਣ ਰੱਦ ਕਰਨ ਦਾ ਕੋਈ ਇਰਾਦਾ ਨਹੀਂ। ਉਨ੍ਹਾਂ ਕਿਹਾ ਕਿ ਇਸ ਇਸ ਉਡਾਣ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਹਵਾਈ ਰੂਟ ਦੀ ਸਫ਼ਲਤਾ ਸਵਾਰੀਆਂ ਦੀ ਗਿਣਤੀ 'ਤੇ ਵੀ ਨਿਰਭਰ ਹੁੰਦੀ ਹੈ। ਇਸ ਮੌਕੇ ਕੌਂਸਲਰ ਸੇਖੋਂ ਤੇ ਮੱਲੀ ਨੇ ਹੀਥਰੋ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸਬੰਧੀ ਤੱਥ ਸਾਂਝੇ ਕਰਦਿਆਂ  ਪੰਜਾਬੀ ਤੇ ਸਿੱਖ ਭਾਈਚਾਰੇ ਵਲੋਂ ਵੱਡੇ ਪੱਧਰ 'ਤੇ ਉੱਠ ਰਹੀ ਇਸ ਮੰਗ ਤੋਂ ਜਾਣੂ ਕਰਵਾਇਆ।

ਉਨ੍ਹਾਂ ਕਿਹਾ ਕਿ ਹੀਥਰੋ ਤੋਂ ਏਅਰ ਇੰਡੀਆ ਨੂੰ ਸਟੈਨਸਟਿੱਡ ਨਾਲੋਂ ਵੱਧ ਸਵਾਰੀਆਂ ਮਿਲਣਗੀਆਂ ਤੇ ਅਮਰੀਕਾ, ਕੈਨੇਡਾ, ਯੂਰਪ ਤੋਂ ਆਉਣ ਵਾਲੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਵੀ ਇਸ ਫਲਾਈਟ ਦਾ ਲਾਭ ਮਿਲੇਗਾ। ਇਸ ਨਾਲ ਏਅਰ ਇੰਡੀਆ ਦੀ ਆਮਦਨੀ 'ਚ ਵਾਧਾ ਹੋਵੇਗਾ। ਅਧਿਕਾਰੀਆਂ ਮੁਤਾਬਕ ਉਹ ਪੰਜਾਬੀਆਂ ਦੀ ਇਸ ਮੰਗ ਤੋਂ ਅਧਿਕਾਰੀਆਂ ਨੂੰ ਮੁੜ ਜਾਣੂ ਕਰਵਾਉਣਗੇ।