ਵੱਡੀ ਖ਼ਬਰ : ਹੁਣ ਪੇਸ਼ਾਵਰ 'ਚ ਸਿੱਖ ਨੌਜਵਾਨ ਨੂੰ ਗੋਲੀਆਂ ਨਾਲ ਭੁਨਿਆ
ਸਿੱਖਾਂ ਅੰਦਰ ਦਹਿਸ਼ਤ ਦਾ ਮਾਹੌਲ
ਨਵੀਂ ਦਿੱਲੀ/ਪੇਸ਼ਾਵਰ : ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਹਾਲਤ ਪਲ-ਪਲ ਨਿਘਰਦੀ ਜਾ ਰਹੀ ਹੈ। ਬੀਤੇ ਕੱਲ੍ਹ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੇ ਸਦਮੇ 'ਚੋਂ ਸਿੱਖ ਭਾਈਚਾਰਾ ਅਜੇ ਉਭਰ ਵੀ ਨਹੀਂ ਸੀ ਸਕਿਆ ਕਿ ਹੁਣ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਇਕ ਸਿੱਖ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਹੈ।
ਉਪਰੋ-ਥੱਲੀ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਪਾਕਿਤਸਾਨ ਵਿਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਲੋਕ, ਖਾਸ ਕਰ ਕੇ ਸਿੱਖ ਭਾਈਚਾਰੇ ਅੰਦਰ ਦਹਿਸ਼ਤ ਫੈਲ ਗਈ ਹੈ। ਕਾਬਲੇਗੌਰ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਲਗਾਤਾਰ ਜ਼ਿਆਦਤੀਆਂ ਹੋ ਰਹੀਆਂ ਹਨ। ਪਾਕਿਸਤਾਨ 'ਚ ਰਹਿ ਰਹੇ ਘੱਟ ਗਿਣਤੀ ਸਿੱਖ, ਹਿੰਦੂ ਅਤੇ ਦੂਸਰੇ ਫਿਰਕਿਆਂ ਦੇ ਲੋਕਾਂ ਦੀਆਂ ਧੀਆਂ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਜਾਂਦਾ ਹੈ।
ਉਨ੍ਹਾਂ ਦਾ ਧਰਮ ਪਰਿਵਰਤਨ ਕਰ ਕੇ ਨਿਕਾਹ ਕਰਵਾਏ ਜਾ ਰਹੇ ਹਨ। ਇਹੋ ਜਿਹੇ ਮਾਮਲੇ ਰੋਜ਼ਾਨਾ ਜੱਗ ਜਾਹਰ ਹੋ ਰਹੇ ਹਨ। ਅਜਿਹੇ ਹੀ ਇਕ ਮਾਮਲੇ 'ਚ ਸਿੱਖ ਲੜਕੀ ਦਾ ਜ਼ਬਰੀ ਧਰਮ ਪਰਵਰਤਨ ਕਰਾ ਕੇ ਇਕ ਮੁਸਲਮਾਨ ਲੜਕੇ ਨਾਲ ਨਿਕਾਹ ਕਰ ਦਿਤਾ ਗਿਆ। ਮਾਮਲੇ ਦੇ ਤੁਲ ਫੜਨ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਵਾਰ ਹਵਾਲੇ ਕਰ ਦਿਤਾ ਗਿਆ।
ਇਸੇ ਖੁੰਦਕ 'ਚ ਬੀਤੇ ਦਿਨ ਕੁੱਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਕਰ ਦਿਤਾ। ਹਮਲਾਵਰਾਂ ਨੇ ਸਿੱਖਾਂ ਦੇ ਘਰਾਂ 'ਤੇ ਪੱਥਰਬਾਜ਼ੀ ਤੋਂ ਇਲਾਵਾ ਸਿੱਖਾਂ ਵਿਰੁਧ ਰੱਜ ਦੇ ਜਹਿਰ ਉਗਲਿਆ। ਇਸ ਨੂੰ ਲੈ ਕੇ ਦੁਨੀਆਂ ਭਰ 'ਚ ਵਿਚ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ। ਦੁਨੀਆਂ ਭਰ 'ਚ ਥਾਂ ਥਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਭਾਵੇਂ ਇਸ ਮਾਮਲੇ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਖ਼ਸ ਵਲੋਂ ਹੁਣ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਹਨ। ਪਰ ਅੱਜ ਪੇਸ਼ਾਵਰ ਵਿਚ ਸਿੱਖ ਨੌਜਵਾਨ ਦੇ ਕਤਲ ਨੇ ਘੱਟ ਗਿਣਤੀਆਂ ਅੰਦਰ ਦਹਿਸ਼ਤ ਨੂੰ ਚਰਮ ਸੀਮਾਂ 'ਤੇ ਪਹੁੰਚਾ ਦਿਤਾ ਹੈ।
ਖ਼ਬਰਾਂ ਅਨੁਸਾਰ ਪਾਸਿਤਾਨ ਦੇ ਪੇਸ਼ਾਵਰ 'ਚ ਮੌਤ ਦੇ ਘਾਟ ਉਤਾਰੇ ਗਏ ਸਿੱਖ ਨੌਜਵਾਨ ਦੀ ਪਛਾਣ ਪਰਵਿੰਦਰ ਸਿੰਘ ਵਜੋਂ ਹੋਈ ਹੈ। ਪਰਵਿੰਦਰ ਸਿੰਘ ਪੇਸ਼ਾਵਰ ਦੇ ਸਿੱਖ ਐਂਕਰ ਹਰਮੀਤ ਸਿੰਘ ਦਾ ਭਰਾ ਸੀ।