ਪਾਕਿਸਤਾਨੀ ਪਤੀ ਦੀ ਹੈਵਾਨੀਅਤ : ਦੋਸਤਾਂ ਸਾਹਮਣੇ ਨਾ ਨੱਚਣ 'ਤੇ ਪਤਨੀ ਨੂੰ ਨੰਗਾ ਕਰ ਕੇ ਕੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਰਿਪੋਰਟ ਲਿਖਣ ਲਈ ਮੰਗੀ ਸੀ ਰਿਸ਼ਵਤ ; ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਕਾਰਵਾਈ

Pakistani husband torture wife

ਨਵੀਂ ਦਿੱਲੀ : ਪਾਕਿਸਤਾਨ 'ਚ ਔਰਤਾਂ ਨਾਲ ਕਿੰਨਾ ਮਾੜਾ ਸਲੂਕ ਕੀਤਾ ਜਾਂਦਾ ਹੈ, ਇਸ ਦੀ ਗਵਾਹ ਲਾਹੌਰ ਦੀ ਅਸਮਾ ਅਜ਼ੀਜ ਹੈ। ਅਸਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਕੇ ਆਪਣੀ ਹੱਡਬੀਤੀ ਦੱਸੀ ਹੈ। ਅਸਮਾ ਮੁਤਾਬਕ ਉਸ ਨੇ ਆਪਣੇ ਪਤੀ ਮਿਆਂ ਫੈਸਲ ਦੇ ਦੋਸਤਾਂ ਅੱਗੇ ਨੱਚਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਸ ਨੂੰ ਗੰਜਾ ਕਰ ਦਿੱਤਾ ਗਿਆ ਅਤੇ ਨੰਗਾ ਕਰ ਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।

ਅਸਮਾ ਨੇ ਦੱਸਿਆ ਕਿ ਜਦੋਂ ਅਗਲੇ ਦਿਨ ਉੱਥੋਂ ਭੱਜ ਕੇ ਉਹ ਪੁਲਿਸ ਤਕ ਪੁੱਜੀ ਤਾਂ ਰਿਪੋਰਟ ਲਿਖਣ ਦੇ ਨਾਂ 'ਤੇ ਉਸ ਤੋਂ ਪੈਸੇ ਮੰਗੇ ਗਏ। ਹੁਣ ਜਦੋਂ ਅਸਮਾ ਦੀ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਹਰਕਤ 'ਚ ਆਈ ਅਤੇ ਫ਼ੈਸਲ ਤੇ ਉਸ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਫੈਸਲ ਦੇ ਘਰੋਂ ਟ੍ਰੀਮਰ ਵੀ ਜ਼ਬਤ ਕੀਤਾ ਹੈ, ਜਿਸ ਤੋਂ ਉਸ ਦੇ ਵਾਲ ਕੱਟੇ ਗਏ ਸਨ।

 


 

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਾਜਰੀ ਨੇ ਘਟਨਾ 'ਤੇ ਨੋਟਿਸ ਲੈਂਦਿਆਂ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਜਿਓ ਟੀਵੀ ਮੁਤਾਬਕ ਅਸਮਾ ਅਤੇ ਫੈਸਲ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ ਅਤੇ ਅਸਮਾ ਦੇ ਮਾਪਿਆਂ ਦਾ ਦਿਹਾਂਤ ਪਹਿਲਾਂ ਹੀ ਹੋ ਚੁੱਕਾ ਹੈ। ਅਸਮਾ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ, ਜਿਸ 'ਚ ਉਸ ਨਾਲ ਮਾਰਕੁੱਟ ਦੀ ਪੁਸ਼ਟੀ ਹੋਈ ਹੈ।

ਪਾਕਿਸਤਾਨ ਟੁਡੇ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਅਸਮਾ ਨੇ ਨਿਆਂਇਕ ਮੈਜਿਸਟ੍ਰੇਟ ਸਾਹਮਣੇ ਗਵਾਹੀ ਦਿੱਤੀ। ਉਸ ਨੇ ਆਪਣੇ ਬਿਆਨ 'ਚ ਕਿਹਾ, "ਮੇਰੇ ਪਤੀ ਆਪਣੇ ਦੋ ਦੋਸਤਾਂ ਨੂੰ ਸਾਡੇ ਘਰ ਲੈ ਆਏ ਅਤੇ ਸ਼ਰਾਬ ਪੀਣ ਤੇ ਉਨ੍ਹਾਂ ਸਾਹਮਣੇ ਨੱਚਣ ਲਈ ਕਿਹਾ। ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ।"

ਗਲਫ਼ ਨਿਊਜ਼ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਪਾਕਿਸਤਾਨ 'ਚ ਔਰਤਾਂ ਵਿਰੁੱਧ ਹਿੰਸਾ ਦੇ 2500 ਮਾਮਲੇ ਦਰਜ ਕੀਤੇ ਗਏ ਸਨ। 2016 'ਚ ਪਾਕਿਸਤਾਨ ਜੋਰਜ ਟਾਊਨ ਇੰਸਟੀਚਿਊਟ ਦੇ ਮਹਿਲਾ, ਸ਼ਾਂਤੀ ਅਤੇ ਸੁਰੱਖਿਆ ਸੂਚੀ 'ਚ 153 ਦੇਸ਼ਾਂ 'ਚੋਂ 150ਵੇਂ ਨੰਬਰ 'ਤੇ ਸੀ। ਅੰਕੜਿਆਂ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਇਕ ਚੌਥਾਈ ਤੋਂ ਵੱਧ (27 ਫ਼ੀਸਦੀ) ਔਰਤਾਂ ਨੇ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਹੈ।