ਪਾਕਿਸਤਾਨ : ਇਮਰਾਨ ਖ਼ਾਨ ਨੇ ਟੀਪੂ ਸੁਲਤਾਨ ਨੂੰ ਦਿਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਮਰਾਨ ਖ਼ਾਨ ਨੇ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ

Pakistan PM Imran pays tribute to Tipu Sultan on his death anniversary

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਅਤੇ 'ਨੌਕਰਾਂ ਦੀ ਜ਼ਿੰਦਗੀ ਜਿਊਣ' ਦੀ ਥਾਂ ਸੁਤੰਤਰਤਾ ਲਈ ਮਰਨਾ ਪਸੰਦ ਕਰਨ ਵਾਲੇ ਵਿਚਾਰ ਦੀ ਪ੍ਰਸ਼ੰਸਾ ਕੀਤੀ। ਖ਼ਾਨ ਨੇ ਟਵਿੱਟਰ 'ਤੇ ਟੀਪੂ ਦੀ ਸਿਫਤ ਕੀਤੀ, ਜਿਨ੍ਹਾਂ ਨੂੰ 'ਮੈਸੂਰ ਦਾ ਸ਼ੇਰ' ਵੀ ਕਿਹਾ ਜਾਂਦਾ ਹੈ। ਖਾਨ ਨੇ ਟਵੀਟ ਕੀਤਾ ਕਿ 4 ਮਈ ਨੂੰ ਟੀਪੂ ਸੁਲਤਾਨ ਦੀ ਬਰਸੀ ਹੈ- ਇਕ ਵਿਅਕਤੀ ਜਿਸ ਨੂੰ ਮੈਂ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਗੁਲਾਮੀ ਦਾ ਜੀਵਨ ਜਿਊਣ ਦੀ ਥਾਂ ਸੁਤੰਤਰਤਾ ਪਸੰਦ ਕੀਤੀ ਅਤੇ ਇਸ ਦੇ ਲਈ ਲੜਦੇ ਹੋਏ ਉਨ੍ਹਾਂ ਨੇ ਜਾਨ ਵੀ ਗੁਆ ਲਈ।

ਇਹ ਪਹਿਲੀ ਵਾਰ ਨਹੀਂ ਹੈ ਕਿ ਖ਼ਾਨ ਨੇ ਟੀਪੂ ਦੀ ਸਿਫਤ ਕੀਤੀ। ਇਸ ਤੋਂ ਪਹਿਲਾਂ ਫ਼ਰਵਰੀ 'ਚ ਪੁਲਵਾਮਾ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਬੁਲਾਏ ਗਏ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਖ਼ਾਨ ਨੇ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ। ਟੀਪੂ ਚੌਥੇ ਐਂਗਲੋ-ਮੈਸੂਰ ਯੁੱਧ 'ਚ ਬਹਾਦਰੀ ਨਾਲ ਲੜੇ ਸਨ ਪਰ ਸ਼੍ਰੀਰੰਗਪਟਨਮ ਦੀ ਘੇਰਾਬੰਦੀ 'ਚ ਜਾਨ ਗੁਆ ਬੈਠੇ।

ਫਰਾਂਸ ਦੇ ਫ਼ੌਜੀ ਸਲਾਹਕਾਰਾਂ ਨੇ ਗੁਪਤ ਰਸਤੇ ਰਾਹੀਂ ਉਨ੍ਹਾਂ ਨੂੰ ਬਚਣ ਦੀ ਸਲਾਹ ਦਿਤੀ ਸੀ ਪਰ ਉਨ੍ਹਾਂ ਨੇ ਜਵਾਬ ਦਿਤਾ, ''ਹਜ਼ਾਰਾਂ ਸਾਲ ਮੇਮਣੇ ਦੀ ਤਰ੍ਹਾਂ ਜਿਊਣ ਦੀ ਥਾਂ ਇਕ ਦਿਨ ਸ਼ੇਰ ਵਾਂਗ ਜਿਊਣਾ ਜ਼ਿਆਦਾ ਵਧੀਆ ਹੈ।'' ਟੀਪੂ ਨੂੰ ਅਪਣੇ ਸ਼ਾਸਨ 'ਚ ਕਈ ਤਰ੍ਹਾਂ ਦੇ ਸੁਧਾਰ ਕਰਨ ਕਰਕੇ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਸਮੇਂ ਹੀ ਮੈਸੂਰ ਦੇ ਰੇਸ਼ਮ ਉਦਯੋਗ 'ਚ ਵਾਧਾ ਸ਼ੁਰੂ ਹੋਇਆ ਸੀ।