ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਇਮਰਾਨ ਸਰਕਾਰ ਨੇ ਹਿੰਦੂਆਂ ਨੂੰ ਦਿੱਤਾ ਖ਼ਾਸ 'ਤੋਹਫ਼ਾ'
ਸ਼ਾਰਦਾ ਪੀਠ ਲਈ ਲਾਂਘਾ ਬਣਾਉਣ ਨੂੰ ਮਨਜੂਰੀ ਦਿੱਤੀ
ਨਵੀਂ ਦਿੱਲੀ : ਹਿੰਦੂ-ਪਾਕਿ 'ਚ ਵੰਡ ਦੀ ਲਕੀਰ ਵੱਜਣ ਉਪਰੰਤ ਸੱਤ ਦਹਾਕਿਆਂ ਤੋਂ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੀ ਹੋਈ ਸਿੱਖ ਸੰਗਤ ਨੂੰ ਮੁੜ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਉਮੀਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਐਲਾਨ ਤੋਂ ਬੱਝੀ ਹੈ। ਇਹ ਲਾਂਘਾ ਬਣਾਉਣ ਦਾ ਕੰਮ ਵੀ ਜਾਰੀ ਹੋ ਗਿਆ ਹੈ ਅਤੇ ਕੁਝ ਮਹੀਨਿਆਂ 'ਚ ਨਾਨਕ ਨਾਮ ਲੇਵਾ ਸੰਗਤਾਂ ਲਈ ਪਵਿੱਤਰ ਗੁਰਦੁਆਰਾ ਨਨਕਾਣਾ ਸਾਹਿਬ ਜਾਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਹੁਣ ਹਿੰਦੂਆਂ ਦੀ ਪਵਿੱਤਰ ਧਾਰਮਕ ਥਾਂ ਸ਼ਾਰਦਾ ਪੀਠ ਲਈ ਵੀ ਲਾਂਘਾ ਬਣਾਉਣ ਨੂੰ ਮਨਜੂਰੀ ਦੇ ਦਿੱਤੀ ਹੈ।
ਸ਼ਾਰਦਾ ਪੀਠ ਮੰਦਰ ਪਾਕਿ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਸਥਿਤ ਹੈ। ਇਹ ਕਸ਼ਮੀਰ ਦੇ ਕੁਪਵਾੜਾ ਤੋਂ ਲਗਭਗ 22 ਕਿਲੋਮੀਟਰ ਦੂਰ ਹੈ। ਪਾਕਿ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਬਾਰੇ ਛੇਤੀ ਹੀ ਐਲਾਨ ਕੀਤਾ ਜਾ ਸਕਦਾ ਹੈ। ਸ਼ਾਰਦਾ ਪੀਠ ਹਿੰਦੂਆਂ ਦਾ 5 ਹਜ਼ਾਰ ਸਾਲ ਪੁਰਾਣਾ ਮੰਦਰ ਹੈ। ਇਸ ਨੂੰ ਸਮਰਾਟ ਅਸ਼ੋਕ ਨੇ 237 ਈਸਵੀ 'ਚ ਬਣਵਾਇਆ ਸੀ। ਕਸ਼ਮੀਰ 'ਚ ਰਹਿਣ ਵਾਲੇ ਹਿੰਦੂ ਲੰਮੇ ਸਮੇਂ ਤੋਂ ਇਸ ਲਾਂਘੇ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ। ਇਹੀ ਨਹੀਂ, ਜੰਮੂ-ਕਸ਼ਮੀਰ ਦੀ ਸਿਆਸੀ ਪਾਰਟੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਵੀ ਇਸ ਲਈ ਆਵਾਜ਼ ਚੁੱਕਦੀ ਰਹੀ ਹੈ। ਲਾਈਨ ਆਫ਼ ਕੰਟਰੋਲ ਤੋਂ ਇਸ ਮੰਦਰ ਦੀ ਦੂਰੀ ਸਿਰਫ਼ 10 ਕਿਲੋਮੀਟਰ ਹੈ।
ਜ਼ਿਕਰਯੋਗ ਹੈ ਕਿ ਸਾਲ 2007 'ਚ ਭਾਰਤੀ ਸੰਸਕ੍ਰਿਤੀ ਸਬੰਧ ਪ੍ਰੀਸ਼ਦ ਦੇ ਖੇਤਰੀ ਡਾਇਰੈਕਟਰ ਪ੍ਰੋ. ਅਯਾਜ਼ ਰਸੂਲ ਨਜ਼ਕੀ ਨੇ ਇਸ ਮੰਦਰ ਦਾ ਦੌਰਾ ਕੀਤਾ ਸੀ। ਇਸ ਮਗਰੋਂ ਭਾਰਤੀ ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨਾਂ ਦੀ ਮੰਗ ਸ਼ੁਰੂ ਕੀਤੀ ਸੀ। ਕਸ਼ਮੀਰੀ ਪੰਡਤਾਂ ਨੇ ਮੰਦਰ ਦੇ ਦਰਸ਼ਨ ਦੀ ਮਨਜੂਰੀ ਲੈਣ ਲਈ 'ਸ਼ਾਰਦਾ ਬਚਾਓ ਕਮੇਟੀ' ਨੇ ਭਾਰਤ ਸਰਕਾਰ ਦੇ ਨਾਲ-ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਸੀ। ਇਸ 'ਚ ਮੰਗ ਕੀਤੀ ਗਈ ਸੀ ਕਿ ਸ਼ਰਧਾਲੂਆਂ ਨੂੰ ਮੁਜੱਫ਼ਰਾਬਾਦ ਦੇ ਰਸਤਿਓਂ ਮੰਦਰ ਦੇ ਦਰਸ਼ਨ ਦੀ ਮਨਜੂਰੀ ਦਿੱਤੀ ਜਾਵੇ।