ਪਾਕਿਸਤਾਨ 'ਚ ਹਿੰਦੂ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਪੁਲਿਸ ਅਧਿਕਾਰੀ 'ਤੇ ਮਾਮਲਾ ਦਰਜ : ਰਿਪੋਰਟ
ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਹੋਈ ਕਾਰਵਾਈ
ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਸ ਹਫ਼ਤੇ ਦੇ ਸ਼ੁਰੂ ਵਿਚ ਇਕ ਮੁਕਾਬਲੇ ਦੌਰਾਨ ਇਕ ਹਿੰਦੂ ਲੜਕੇ ਨੂੰ ਮਾਰਨ ਦੇ ਦੋਸ਼ ਵਿਚ ਇਕ ਪੁਲਿਸ ਅਧਿਕਾਰੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ।
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਦੇ ਪਿਤਾ ਵਲੋਂ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਦੋਸ਼ੀ ਫਰਮਾਨ ਸ਼ਾਹ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਸੀ ਕਿ ਉਸ ਦੇ ਪੁੱਤਰ ਕਮਲ ਕਿਸ਼ਨ ਨੂੰ ਪੁਲਿਸ ਅਧਿਕਾਰੀ ਨੇ ਬਿਨਾਂ ਕਿਸੇ ਕਾਰਨ ਗੋਲੀ ਮਾਰ ਦਿਤੀ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 1 ਮਈ ਦੀ ਰਾਤ ਨੂੰ ਘਰ ਪਰਤਦੇ ਸਮੇਂ, ਉਨ੍ਹਾਂ ਨੂੰ ਕਰਾਚੀ ਦੇ ਨਿਊਟਾਊਨ ਪੁਲਿਸ ਸਟੇਸ਼ਨ ਨੇੜੇ ਇਕ ਨਿਜੀ ਹਸਪਤਾਲ ਦੇ ਸਾਹਮਣੇ ਪੁਲਿਸ ਨੇ ਰੋਕ ਲਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਕਿਸ਼ਨ ਕੋਲੋਂ ਵੀਸੀ ਵਲੋਂ ਦਿਤੇ ਗਏ 80 ਹਜ਼ਾਰ ਰੁਪਏ, ਇਕ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ। ਇਸ ਦੇ ਨਾਲ ਹੀ ਅਨਿਲ ਨੂੰ ਕਿਸੇ ਹੋਰ ਥਾਂ 'ਤੇ ਲਿਜਾਇਆ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀ ਭੇਜਣ ਦੇ ਦੋਸ਼ 'ਚ ਡੀ.ਆਰ.ਡੀ.ਓ. ਦਾ ਵਿਗਿਆਨੀ ਗ੍ਰਿਫ਼ਤਾਰ
ਐਫ਼.ਆਈ.ਆਰ. ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ, “ਫਰਮਾਨ ਨੇ ਗੋਲੀ ਚਲਾਈ ਜਿਸ ਨਾਲ ਕਮਲ ਦੀ ਮੌਤ ਹੋ ਗਈ। ਅਪਣੇ ਅਪਰਾਧ ਨੂੰ ਲੁਕਾਉਣ ਲਈ, ਨਿਊ ਟਾਊਨ ਥਾਣੇ ਵਿਚ ਅਨਿਲ ਵਿਰੁੱਧ ਇਕ ਝੂਠਾ ਕੇਸ ਦਰਜ ਕੀਤਾ ਗਿਆ ਸੀ।''
ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਬਾਬਰ ਮਿਰਜ਼ਾ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਪੱਸ਼ਟ ਹੋਵੇਗੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਐਫ਼.ਆਈ.ਆਰ. ਤੋਂ ਬਾਅਦ, ਮੁਲਜ਼ਮ ਪੁਲਿਸ ਅਧਿਕਾਰੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।