ਭਾਰਤ ਅਤੇ ਆਸਟਰੇਲੀਆ ਨੇ ਮੋਦੀ-ਮੋਰੀਸਨ ਆਨਲਾਈਨ ਸ਼ਿਖਰ ਬੈਠਕ ਮਗਰੋਂ ਮਹੱਤਵਪੂਰਨ ਰਖਿਆ ਸਮਝੌਤੇ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਆਸਟਰੇਲੀਆ ਨੇ ਵੀਰਵਾਰ ਨੂੰ ਅਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ.......

Scott Morrison and Narendra Modi

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਨੇ ਵੀਰਵਾਰ ਨੂੰ ਅਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਜ਼ੋ-ਸਾਮਾਨ (ਲਾਜਿਸਟਿਕਸ) ਸਹਿਯੋਗ ਦੇ ਉਦੇਸ਼ ਨਾਲ ਇਕ-ਦੂਜੇ ਦੇ ਫ਼ੌਜੀ ਅੱਡਿਆਂ ਤਕ ਆਪਸੀ ਪਹੁੰਚ ਆਸਾਨ ਬਣਾਉਣ ਦੇ ਮਹੱਤਵਪੂਰਨ ਕਰਾਰ ਸਮੇਤ ਸੱਤ ਸਮਝੌਤੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੋਰੀਸਨ ਦੇ ਆਨਲਾਈਲ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਮਗਰੋਂ ਇਹ ਸਮਝੌਤੇ ਹੋਏ।

ਦੋਹਾਂ ਦੇਸ਼ਾਂ ਵਿਚਕਾਰ ਹੋਏ ਸਾਂਝਾ ਲਾਜਿਸਟਿਕਸ ਸਹਿਯੋਗ ਸਮਝੌਤੇ (ਐਮ.ਐਲ.ਐਸ.ਏ.) ਤਹਿਤ ਸੰਪੂਰਨ ਰਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਤੋਂ ਇਲਾਵਾ ਦੋਹਾਂ ਦੇਸ਼ਾਂ ਦੀ ਥਲ ਸੈਨਾ ਨੂੰ ਮੁਰੰਮਤ ਅਤੇ ਸਪਲਾਈ ਬਹਾਲੀ ਲਈ ਇਕ-ਦੂਜੇ ਦੇ ਫ਼ੌਜੀ ਅੱਡਿਆਂ ਦਾ ਪ੍ਰਯੋਗ ਕਰਨ ਦੀ ਗੱਲ ਕਹੀ ਗਈ ਹੈ। ਭਾਰਤ ਨੇ ਇਸ ਤਰ੍ਹਾਂ ਦਾ ਸਮਝੌਤਾ ਅਮਰੀਕਾ, ਫ਼ਰਾਂਸ ਅਤੇ ਸਿੰਗਾਪੁਰ ਨਾਲ ਵੀ ਕੀਤਾ ਹੈ।

ਦੋਹਾਂ ਧਿਰਾਂ ਨੇ ਵਿਦੇਸ਼ ਅਤੇ ਰਖਿਆ ਸਕੱਤਰਾਂ ਨੂੰ ਲੈ ਕੇ ਮੰਤਰੀ ਪੱਧਰ 'ਤੇ 'ਟੂ ਪਲੱਸ ਟੂ' ਗੱਲਬਾਤ ਲਈ ਹਾਮੀ ਭਰੀ। ਦੋਹਾਂ ਦੇਸ਼ਾਂ ਨੇ ਸਾਇਬਰ ਅਤੇ ਸਾਇਬਰ ਯੁਕਤ ਤਕਨੀਕ ਅਤੇ ਖਣਿਜ ਤੇ ਖੁਦਾਈ, ਫ਼ੌਜੀ ਤਕਨੀਕ, ਕਾਰੋਬਾਰੀ ਸਿਖਿਆ ਅਤੇ ਜਲ ਸਰੋਤ ਪ੍ਰਬੰਧਨ ਵਰਗੇ ਖੇਤਰਾਂ 'ਚ ਦੁਵੱਲੇ ਸਹਿਯੋਗ 'ਤੇ ਸਮਝੌਤਾ ਕੀਤਾ।

ਦੋਹਾਂ ਧਿਰਾਂ ਨੇ ਅਤਿਵਾਦ ਦੇ ਵਧਦੇ ਖ਼ਤਰੇ, ਹਿੰਦ ਪ੍ਰਸ਼ਾਂਤ ਖੇਤਰ 'ਚ ਸਮੁੰਦਰੀ ਜਹਾਜ਼ ਸੁਰੱਖਿਆ ਚੁਨੌਤੀਆਂ, ਵਿਸ਼ਵ ਵਪਾਰ ਸੰਗਠਨ 'ਚ ਸੁਧਾਰ ਅਤੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਰਸਤਿਆਂ ਸਮੇਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।

ਹਿੰਦ ਪ੍ਰਸ਼ਾਂਤ ਖੇਤਰ ਦੇ ਮਹੱਤਵ ਨੂੰ ਉਭਾਰਦਿਆਂ ਦੋਹਾਂ ਦੇਸ਼ਾਂ ਨੇ 'ਹਿੰਦ ਪ੍ਰਸ਼ਾਂਤ ਖੇਤਰ 'ਚ ਸਮੁੰਦਰੀ ਆਵਾਜਾਈ 'ਚ ਸਹਿਯੋਗ ਦ੍ਰਿਸ਼ਟੀ' ਨਾਮਕ ਸਿਰਲੇਖ ਨਾਲ ਐਲਾਨ ਵੀ ਜਾਰੀ ਕੀਤਾ ਜਿਸ ਹੇਠ ਇਸ ਖੇਤਰ 'ਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਲੈ ਕੇ ਅਹਿਦ ਪ੍ਰਗਟਾਇਆ ਗਿਆ।

ਮੋਦੀ-ਮੋਰੀਸਨ ਵਿਚਕਾਰ ਗੱਲਬਾਤ ਮਗਰੋਂ ਜਾਰੀ ਸਾਂਝੇ ਬਿਆਨ ਅਨੁਸਾਰ ਦੋਹਾਂ ਧਿਰਾਂ ਨੇ ਭਾਰਤ ਦੋਹਰੇ ਟੈਕਸ ਸਮਝੌਤੇ ਦੇ ਪ੍ਰਯੋਗ ਜ਼ਰੀਏ ਭਾਰਤੀ ਕੰਪਨੀਆਂ ਦੀ ਆਮਦਨ 'ਤੇ ਟੈਕਸ ਦੇ ਮੁੱਦੇ 'ਤੇ ਚਰਚਾ ਕੀਤੀ ਅਤੇ ਇਸ ਮੁੱਦੇ ਦਾ ਛੇਤੀ ਹੱਲ ਕੱਢਣ ਦੀ ਗੱਲ ਕਹੀ।

ਦੋਹਾਂ ਦੇਸ਼ਾਂ ਨੇ ਅਤਿਵਾਦ ਨੂੰ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਮੰਲਿਆ ਅਤੇ ਇਸ ਬੁਰਾਈ ਦੇ ਹਰ ਸਰੂਪ ਦੀ ਸਖ਼ਤ ਨਿੰਦਾ ਕਰਦਿਆਂ ਜ਼ੋਰ ਦਿਤਾ ਕਿ ਕਿਸੇ ਵੀ ਆਧਾਰ 'ਤੇ ਅਤਿਵਾਦੀ ਗਤੀਵਿਧੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੋਹਾਂ ਧਿਰਾਂ ਨੇ ਕੌਮਾਂਤਰੀ ਅਤਿਵਾਦ ਸੰਧੀ (ਸੀ.ਸੀ.ਆਈ.ਟੀ.) ਨੂੰ ਛੇਤੀ ਅਪਨਾਉਣ ਦਾ ਸੱਦਾ ਦਿਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।