ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਵੱਡਾ ਧਮਾਕਾ, 78 ਲੋਕਾਂ ਦੀ ਮੌਤ, 4000 ਦੇ ਕਰੀਬ ਲੋਕ ਜ਼ਖ਼ਮੀ
ਬੰਦਰਗਾਹ 'ਤੇ ਬਣੇ ਇਕ ਗੋਦਾਮ 'ਚ ਹੋਇਆ ਧਮਾਕਾ
ਬੇਰੂਤ- ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਵੱਡਾ ਧਮਾਕਾ ਹੋਣ ਦੀ ਖ਼ਬਰ ਆਈ ਐ, ਜਿਸ ਵਿਚ 78 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਘਟਨਾ ਵਿਚ ਲਗਭਗ 4000 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਵਿਸਫ਼ੋਟ ਨਾਲ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇੱਥੇ ਹੀ ਬਸ ਨਹੀਂ, ਇਸ ਧਮਾਕੇ ਦੌਰਾਨ ਬੰਦਰਗਾਹ 'ਤੇ ਤਾਇਨਾਤ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੀ ਮੈਰੀਟਾਈਮ ਟਾਸਕ ਫੋਰਸ ਦਾ ਇਕ ਜਹਾਜ਼ ਵੀ ਤਬਾਹ ਹੋ ਗਿਆ, ਜਦਕਿ ਕਈ ਸੈਨਿਕਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਦਾ ਕਹਿਣੈ ਕਿ ਬੰਦਰਗਾਹ 'ਤੇ ਇਕ ਗੋਦਾਮ ਵਿਚ 2750 ਟਨ ਦੇ ਕਰੀਬ ਨਾਈਟ੍ਰੇਟ ਨੂੰ ਅਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਹੋਇਆ ਸੀ,
ਜਿਸ ਵਿਚ ਇਹ ਸ਼ਕਤੀਸ਼ਾਲੀ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰਬੀ ਮੱਧ ਸਾਗਰ ਵਿਚ 240 ਕਿਲੋਮੀਟਰ ਦੂਰ ਸਾਈਪ੍ਰਸ ਤਕ ਸੁਣਾਈ ਦਿੱਤੀ। ਇਹ ਧਮਾਕਾ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦੀ ਹੱਤਿਆ ਦੀ ਜਾਂਚ ਅਦਾਲਤੀ ਸੁਣਵਾਈ ਦਾ ਫ਼ੈਸਲਾ ਆਉਣ ਤੋਂ ਐਨ ਪਹਿਲਾਂ ਹੋਇਆ ਹੈ।
ਇਹ ਧਮਾਕਾ ਅਜਿਹੇ ਸਮੇਂ ਵੀ ਹੋਇਆ ਹੈ, ਜਦੋਂ ਲਿਬਨਾਨ ਬੁਰੀ ਤਰ੍ਹਾਂ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਧਮਾਕੇ ਤੋਂ ਬਾਅਦ ਕਿਸ ਤਰ੍ਹਾਂ ਧੂੰਏਂ ਦਾ ਗੁਬਾਰ ਉਠਦਾ ਦਿਖਾਈ ਦੇ ਰਿਹੈ। ਆਸਪਾਸ ਦੀਆਂ ਕਈ ਇਮਾਰਤਾਂ ਤਬਾਹ ਹੋ ਗਈਆਂ। ਧਮਾਕੇ ਮਗਰੋਂ ਲਿਬਨਾਨ ਦੇ ਰਾਸ਼ਟਰਪਤੀ ਨੇ ਬੇਰੂਤ ਵਿਚ ਦੋ ਹਫ਼ਤੇ ਦੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ
ਅਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਤੋਂ ਇਲਾਵਾ ਬ੍ਰਿਟੇਨ ਅਤੇ ਇਰਾਨ ਦੇ ਨੇਤਾਵਾਂ ਨੇ ਟਵੀਟ ਕਰਕੇ ਲਿਬਨਾਨ ਦੇ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਮਦਦ ਦੀ ਪੇਸ਼ਕਸ਼ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਬੇਰੂਤ ਧਮਾਕਿਆਂ ਦੇ ਹਮਲਾ ਹੋਣ ਦਾ ਸ਼ੱਕ ਜਤਾਇਆ ਹੈ। ਲਿਬਨਾਨ ਸਰਕਾਰ ਨੇ ਫਿਲਹਾਲ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਾਂਚ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ ਕਿ ਇਹ ਮਹਿਜ਼ ਦੁਰਘਟਨਾ ਸੀ ਜਾਂ ਫਿਰ ਕੋਈ ਹਮਲਾ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।