ਦੁਨੀਆਂ ਲਈ ਮਿਸਾਲ ਬਣਿਆ 'ਭੜਾਕੂ ਬਾਬਾ', 96 ਸਾਲ ਦੀ ਉਮਰ ਵਿਚ ਹਾਸਲ ਕੀਤੀ ਗ੍ਰੈਜੁਏਸ਼ਨ ਦੀ ਡਿਗਰੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਇਟਲੀ ਦਾ ਸਭ ਤੋਂ ਵਡੇਰੀ ਉਮਰ 'ਚ ਗ੍ਰੈਜੂਏਸ਼ਨ ਕਰਨ ਵਾਲਾ ਵਿਅਕਤੀ ਬਣਿਆ

96 years old graduate

ਰੋਮ : ਕਹਿੰਦੇ ਨੇ ਪੜ੍ਹਨ, ਲਿਖਣ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਸ ਲਈ ਸੱਚੀ ਲਗਨ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਕਈ ਬਹੁਤ ਛੋਟੀ ਉਮਰ ਵਿਚ ਹੀ ਪੜ੍ਹਨ ਲਿਖਣ 'ਚ ਵੱਡੀਆਂ ਮੱਲਾਂ ਮਾਰ ਜਾਂਦੇ ਹਨ ਅਤੇ ਕਈ ਉਮਰ ਦੇ ਅਖ਼ੀਰੇ ਵਰ੍ਹਿਆਂ ਤਕ ਵੀ ਪੜ੍ਹਾਈ ਜਾਰੀ ਰੱਖ ਕੇ ਦੁਨੀਆਂ ਦਾ ਰਾਹ ਦਸੇਰਾ ਬਣੇ ਰਹਿੰਦੇ ਹਨ। ਅਜਿਹੇ ਲੋਕਾਂ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ।

ਇਸੇ ਧਾਰਨਾ ਨੂੰ ਇਟਲੀ ਵਾਸੀ ਇਕ ਭੜਾਕੂ ਬਾਬੇ ਨੇ ਸੱਚ ਕਰ ਵਿਖਾਇਆ ਹੈ। 96 ਸਾਲਾ ਇਸ ਬਾਬੇ ਨੇ 96 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਪਿਛਲੇ ਦਿਨੀਂ ਉਸ ਨੂੰ ਇਟਾਲੀਅਨ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਹੋ ਜਾਣ ਬਾਅਦ ਦਿੱਤੇ ਜਾਣ ਵਾਲੇ ਰਵਾਇਤੀ ਵ੍ਰੈਬ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਅਧਿਆਪਕਾਂ ਸਮੇਤ 70 ਸਾਲ ਤਕ ਛੋਟੀ ਉਮਰ ਦੇ ਸਾਥੀ ਵਿਦਿਆਰਥੀ ਹਾਜ਼ਰ ਸਨ। ਇਸ ਉਮਰ 'ਚ ਆ ਕੇ ਗ੍ਰੈਜੂਏਸ਼ਨ ਕਰਨ ਬਾਰੇ ਪੁਛੇ ਸਵਾਲ ਦੇ ਜਵਾਬ 'ਚ ਪਟੇਰਨੋ ਨੇ ਕਿਹਾ ਕਿ ਕਈ ਹੋਰ ਲੋਕਾਂ ਦੀ ਤਰ੍ਹਾਂ ਮੈਂ ਵੀ ਇਕ ਸਾਧਾਰਨ ਵਿਅਕਤੀ ਹਾਂ। ਉਮਰ ਦੇ ਮਾਮਲੇ ਵਿਚ ਭਾਵੇਂ ਮੈਂ ਸਭ ਨੂੰ ਪਿੱਛੇ ਛੱਡ ਦਿਤਾ ਹੈ ਪਰ ਮੇਰਾ ਮਕਸਦ ਕਿਸੇ ਨੂੰ ਪਛਾੜਨਾ ਨਹੀਂ ਸੀ।''

ਖ਼ਬਰਾਂ ਮੁਤਾਬਕ ਪਟੇਰਨੋ ਨੇ ਪਲੇਰਮੋ ਯੂਨੀਵਰਸਿਟੀ ਵਿਚ ਇਤਿਹਾਸ ਅਤੇ ਦਰਸ਼ਨ ਸਾਸ਼ਤਰ ਵਿਚ ਡਿਗਰੀ ਲਈ ਦਾਖ਼ਲਾ ਲਿਆ ਸੀ। ਸ਼ੁਰੂ ਵਿਚ ਉਸ ਨੂੰ ਕਿਤਾਬਾਂ ਨਾਲ ਪਿਆਰ ਸੀ ਪਰ ਪੜ੍ਹਾਈ ਪੂਰੀ ਕਰਨ ਦਾ ਮੌਕਾ ਨਹੀਂ ਸੀ ਮਿਲ ਸਕਿਆ। ਪਲੇਰਮੋ ਦੇ ਸਿਸ਼ਲੀ ਸ਼ਹਿਰ 'ਚ ਰਹਿਣ ਵਾਲੇ 96 ਸਾਲਾ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਅੱਜਕੱਲ੍ਹ ਘਰੋਂ ਘੱਟ ਵੱਧ ਹੀ ਬਾਹਰ ਨਿਕਲਦੇ ਹਨ।  

ਬਜ਼ੁਰਗ ਦਾ ਕਹਿਣਾ ਸੀ ਕਿ ਮੈਂ ਸੋਚਿਆ ਕਿ ਪੜ੍ਹਾਈ ਪੂਰੀ ਕਰਨ ਦਾ ਮੌਕਾ ਜਾਂ ਤਾਂ ਮੇਰੇ ਪਾਸ ਹੁਣ ਹੈ ਜਾਂ ਫਿਰ ਕਦੇ ਵੀ ਨਹੀਂ ਹੋਵੇਗਾ। ਇਸ ਲਈ ਮੈਂ 2017 ਵਿਚ ਦਾਖ਼ਲਾ ਲੈਣ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਭਾਵੇਂ 3 ਸਾਲ ਦੀ ਡਿਗਰੀ ਕਰਨ ਲਈ ਕਾਫ਼ੀ ਦੇਰ ਹੋ ਗਈ ਸੀ, ਪਰ ਫਿਰ ਵੀ ਮੈਂ ਸੋਚਿਆ ਕਿ ਚਲੋ ਕੋਸ਼ਿਸ਼ ਕਰ ਕੇ ਵੇਖਦੇ ਹਾਂ, ਕੀ ਇਹ ਮੈਂ ਕਰ ਸਕਦਾ ਹਾਂ ਜਾਂ ਨਹੀਂ।  ਉਸ ਨੇ ਕਿਹਾ ਕਿ ਮੈਂ ਮਿਹਨਤ ਅਤੇ ਲਗਨ ਦੇ ਬਲਬੂਤੇ ਇਸ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ 'ਚ ਸਫ਼ਲ ਹੋਇਆ ਹਾਂ। ਯੂਨੀਵਰਸਿਟੀ ਦੇ ਚਾਂਸਲਰ ਫੇਬ੍ਰੀਲਿਓ ਨੇ ਕਲਾਸ ਵਿਚ ਪਹਿਲਾ ਸਥਾਨ ਹਾਸਲ ਕਰਨ ਅਤੇ ਗ੍ਰੈਜੂਏਸ਼ਨ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।