ਕੋਰੋਨਾ ਮਹਾਂਮਾਰੀ: ਦੁਨੀਆਂ ਵਿਚ ਹਰ 15 ਸੈਕਿੰਡ ‘ਚ ਇਕ ਵਿਅਕਤੀ ਦੀ ਹੋ ਰਹੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਬੁੱਧਵਾਰ ਨੂੰ 7 ਲੱਖ ਤੋਂ ਪਾਰ ਪਹੁੰਚ ਗਿਆ ਹੈ।

Corona virus

ਨਵੀਂ ਦਿੱਲੀ: ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਬੁੱਧਵਾਰ ਨੂੰ 7 ਲੱਖ ਤੋਂ ਪਾਰ ਪਹੁੰਚ ਗਿਆ ਹੈ। ਦੁਨੀਆਂ ਵਿਚ ਔਸਤਨ ਹਰ 15 ਸੈਕਿੰਡ ਵਿਚ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਰਹੀ ਹੈ। ਪਿਛਲੇ 2 ਹਫ਼ਤਿਆਂ ਦੇ ਅੰਕੜਿਆਂ ਦੇ ਅਧਾਰ ‘ਤੇ ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਵਿਸ਼ਲੇਸ਼ਣ ਜਾਰੀ ਕੀਤਾ ਹੈ।

ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਅਜਿਹੇ ਦੇਸ਼ ਹਨ, ਜਿੱਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਦੁਨੀਆਂ ਵਿਚ ਹਰ 24 ਘੰਟਿਆਂ ਵਿਚ 5900 ਲੋਕ ਕੋਰੋਨਾ ਨਾਲ ਜਾਨ ਗਵਾ ਰਹੇ ਹਨ। ਯਾਨੀ ਇਕ ਘੰਟੇ ਵਿਚ ਔਸਤਨ 247 ਲੋਕ ਜਾਂ ਹਰ 15 ਸੈਕਿੰਡ ਵਿਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ।

ਅਮਰੀਕਾ ਅਤੇ ਲੈਟਿਨ ਅਮਰੀਕਾ ਕੋਰੋਨਾ ਵਾਇਰਸ ਦੇ ਵੱਡੇ ਕੇਂਦਰ ਦੇ ਰੂਪ ਵਿਚ ਉੱਭਰ ਰਹੇ ਹਨ। ਦੋਵੇਂ ਹੀ ਦੇਸ਼ ਕੋਰੋਨਾ ਸੰਕਟ ਮਹਾਂਮਾਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ। ਸ਼ੁਰੂਆਤ ਵਿਚ ਲੈਟਿਨ ਅਮਰੀਕਾ ‘ਚ ਕੋਰੋਨਾ ਦਾ ਪ੍ਰਸਾਰ ਘੱਟ ਰਫ਼ਤਾਰ ਨਾਲ ਹੋ ਰਿਹਾ ਸੀ। ਲੈਟਿਨ ਅਮਰੀਕਾ ਅਤੇ ਕੈਰੇਬੀਆਈ ਖੇਤਰ ਦੀ 10 ਕਰੋੜ ਅਬਾਦੀ ਝੁੱਗੀਆਂ-ਝੌਪੜੀਆਂ ਵਿਚ ਰਹਿੰਦੀ ਹੈ। ਇਹੀ ਕਾਰਨ ਹੈ ਕਿ ਇੱਥੇ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ।

ਅਮਰੀਕਾ ਦੇ ਪ੍ਰਮੁੱਖ ਮਹਾਂਮਾਰੀ ਮਾਹਿਰ ਐਂਥਨੀ ਫਾਊਚੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਜਿਨ੍ਹਾਂ ਅਮਰੀਕੀ ਸੂਬਿਆਂ ਵਿਚ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਫਿਰ ਤੋਂ ਲੌਕਡਾਊਨ ਲਾਗੂ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਦੂਜੇ ਪਾਸੇ ਆਸਟ੍ਰੇਲੀਆ, ਜਪਾਨ, ਹਾਂਗਕਾਂਗ, ਬੋਲੀਵੀਆ, ਸੂਡਾਨ, ਈਥੋਪੀਆ, ਬੁਲਗਾਰੀਆ, ਬੈਲਜ਼ੀਅਮ ਅਤੇ ਇਜ਼ਰਾਇਲ ਆਦਿ ਦੇਸ਼ ਬੀਤੇ ਸਮੇਂ ਵਿਚ ਕੋਰੋਨਾ ‘ਤੇ ਕਾਬੂ ਪਾਉਂਦੇ ਦਿਖਾਈ ਦਿੱਤੇ ਪਰ ਹੁਣ ਇਹਨਾਂ ਦੇਸ਼ਾਂ ਵਿਚ ਵੀ ਇਕ ਦਿਨ ਵਿਚ ਰਿਕਾਰਡ ਮਾਮਲੇ ਸਾਹਮਣੇ ਆਏ ਹਨ।

ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 1,87,10,432 ਹੋ ਗਈ ਹੈ। ਇਹਨਾਂ ਵਿਚ ਅਜਿਹੇ ਮਾਮਲੇ ਹਨ, ਜੋ ਰਿਪੋਰਟ ਕੀਤੇ ਗਏ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਦੇਸ਼ਾਂ ਵਿਚ ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫ਼ੀ ਹੈ, ਜਿਨ੍ਹਾਂ ਦੀ ਜਾਂਚ ਨਹੀਂ ਹੋ ਪਾਈ ਹੈ।