ਮੈਕਸੀਕੋ 'ਚ ਭਿਆਨਕ ਹਾਦਸਾ : 131 ਫੁੱਟ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ

ਏਜੰਸੀ

ਖ਼ਬਰਾਂ, ਕੌਮਾਂਤਰੀ

6 ਭਾਰਤੀਆਂ ਸਮੇਤ 18 ਲੋਕਾਂ ਦੀ ਮੌਤ

photo

 

ਮੈਕਸੀਕੋ : 3 ਅਗਸਤ ਦੀ ਰਾਤ ਨੂੰ ਮੈਕਸੀਕੋ ਵਿਚ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ ਵਿਚ ਡਿੱਗ ਗਈ।  ਇਸ ਦੌਰਾਨ 18 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿਚ 6 ਭਾਰਤੀ ਮੂਲ ਦੇ ਸਨ। ਬੱਸ ਸੰਯੁਕਤ ਰਾਜ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਮੈਕਸੀਕਨ ਸ਼ਹਿਰ ਟਿਜੁਆਨਾ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਹ ਬੱਸ ਕਰੀਬ 131 ਫੁੱਟ ਡੂੰਘੀ ਖੱਡ ਵਿਚ ਡਿੱਗੀ। ਬੱਸ ਕਈ ਪਲਟੀਆਂ ਖਾਂਦੀ ਖੱਡ ਵਿਚ ਜਾ ਡਿੱਗੀ।

ਜਾਣਕਾਰੀ ਮੁਤਾਬਕ ਬੱਸ 'ਚ ਕਰੀਬ 42 ਯਾਤਰੀ ਸਵਾਰ ਸਨ। ਦੇਰ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 24 ਦੇ ਕਰੀਬ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚੋਂ 6 ਭਾਰਤੀ ਮੂਲ ਦੇ ਸਨ। ਇੰਨਾ ਹੀ ਨਹੀਂ, ਬੱਸ 'ਚ ਬੈਠੇ ਜ਼ਿਆਦਾਤਰ ਯਾਤਰੀ ਅਮਰੀਕੀ ਨਹੀਂ ਸਗੋਂ ਹੋਰ ਮੂਲ ਦੇ ਸਨ। ਇਨ੍ਹਾਂ 'ਚ ਡੋਮੀਨਿਕਨ ਰੀਪਬਲਿਕ ਅਤੇ ਅਫਰੀਕੀ ਦੇਸ਼ਾਂ ਦੇ ਲੋਕ ਵੀ ਸਨ।

ਬੱਸ ਜਿਸ ਖੱਡ ਵਿਚ ਡਿੱਗੀ ਸੀ, ਉਸ ਨੂੰ ਰੱਸੀਆਂ ਦੀ ਮਦਦ ਨਾਲ ਬੰਨ੍ਹ ਕੇ ਬਾਹਰ ਕੱਢਿਆ ਗਿਆ। ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਅਤੇ ਉਸ ਵਿੱਚ ਫਸੇ ਲੋਕਾਂ ਨੂੰ ਬਚਾਅ ਕਾਰਜ ਰਾਹੀਂ ਬਾਹਰ ਕੱਢਿਆ ਗਿਆ। ਹਾਲਾਂਕਿ, ਸਾਰਿਆਂ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਹਾਦਸੇ 'ਚ ਬਚੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਜਾਣਕਾਰੀ ਮੁਤਾਬਕ ਬੱਸ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਨੇਰਾ ਜ਼ਿਆਦਾ ਸੀ ਅਤੇ ਡਰਾਈਵਰ ਬੱਸ ਨੂੰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਮੋੜ ਹੋਣ 'ਤੇ ਵੀ ਉਸ ਨੇ ਬੱਸ ਦੀ ਰਫ਼ਤਾਰ ਘੱਟ ਨਹੀਂ ਕੀਤੀ ਤੇ ਘਟਨਾ ਵਾਪਰ ਗਈ। ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੜਕ 'ਤੇ ਤਿੰਨ ਮੋੜ ਹੋਣ ਦੇ ਬਾਵਜੂਦ ਬੱਸ ਦੇ ਡਰਾਈਵਰ ਨੇ ਬੱਸ ਨੂੰ ਸਹੀ ਢੰਗ ਨਾਲ ਨਹੀਂ ਮੋੜਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।