ਪਾਕਿਸਤਾਨੀ ਕੁੜੀ ਦਾ IQ ਐਲਬਰਟ ਆਇਨਸਟਾਈਨ ਤੋਂ ਵੀ ਵੱਧ! ਬ੍ਰਿਟਿਸ਼ ਇਮਤਿਹਾਨ ਵਿਚ ਬਣਾਇਆ ਨਵਾਂ ਰਿਕਾਰਡ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਨੇ ਲੜਕੀ ਨਾਲ ਮੁਲਾਕਾਤ ਕੀਤੀ।
ਇਸਲਾਮਾਬਾਦ: ਪਾਕਿਸਤਾਨ ਦੀ ਇਕ ਕੁੜੀ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਦਾ ਆਈਕਿਊ ਲੈਵਲ ਐਲਬਰਟ ਆਇਨਸਟਾਈਨ ਤੋਂ ਵੀ ਵੱਧ ਹੈ। ਇਸ ਲੜਕੀ ਨੇ ਬ੍ਰਿਟਿਸ਼ ਇਮਤਿਹਾਨ ਵਿਚ ਨਵਾਂ ਰਿਕਾਰਡ ਹਾਸਲ ਕੀਤਾ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਨੇ ਲੜਕੀ ਨਾਲ ਮੁਲਾਕਾਤ ਕੀਤੀ।
ਦਰਅਸਲ ਲੰਡਨ 'ਚ ਰਹਿਣ ਵਾਲੀ ਪਾਕਿਸਤਾਨੀ ਲੜਕੀ ਮਹਿਨੂਰ ਚੀਮਾ ਨੇ ਜਨਰਲ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਜੀ.ਸੀ.ਐਸ.ਈ.) ਪੱਧਰ 'ਤੇ 34 ਵਿਸ਼ਿਆਂ 'ਚ ਟਾਪ ਗ੍ਰੇਡ ਹਾਸਲ ਕੀਤੇ ਹਨ, ਜੋ ਕਿ ਇਕ ਰਿਕਾਰਡ ਹੈ। ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਮਹਿਨੂਰ ਚੀਮਾ (16) ਨੇ ਯੂਕੇ ਅਤੇ ਈਯੂ ਦੇ ਇਤਿਹਾਸ ਵਿਚ ਕਿਸੇ ਵੀ ਵਿਦਿਆਰਥੀ ਦੇ ਮੁਕਾਬਲੇ GCSE ਵਿਸ਼ਿਆਂ ਵਿਚੋਂ ਸੱਭ ਤੋਂ ਵੱਧ ਗਿਣਤੀ ਵਿਚ ਪ੍ਰੀਖਿਆ ਦਿਤੀ ਹੈ।
ਮਹਿਨੂਰ ਨੂੰ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਮਹਿਨੂਰ ਚੀਮਾ ਵਰਗੀ ਪ੍ਰਤਿਭਾਸ਼ਾਲੀ ਲੜਕੀ ਨੂੰ ਮਿਲਣਾ ਹਮੇਸ਼ਾ ਬਹੁਤ ਉਤਸ਼ਾਹਤ ਹੁੰਦਾ ਹੈ। ਗਣਿਤ ਅਤੇ ਖਗੋਲ ਵਿਗਿਆਨ ਤੋਂ ਲੈ ਕੇ ਫ੍ਰੈਂਚ ਅਤੇ ਲਾਤੀਨੀ ਤਕ ਕਈ ਵਿਸ਼ਿਆਂ ਵਿਚ A* ਪ੍ਰਾਪਤ ਕੀਤਾ ਹੈ।
ਮਨਹੂਰ ਚੀਮਾ ਦੇ ਪਿਤਾ ਬੈਰਿਸਟਰ ਉਸਮਾਨ ਚੀਮਾ ਅਤੇ ਤਇਅਬਾ ਚੀਮਾ ਲਾਹੌਰ ਦੇ ਵਸਨੀਕ ਹਨ। ਮਹਿਨੂਰ ਦਾ ਵਿਦਿਅਕ ਸਫ਼ਰ ਲਾਹੌਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਸ਼ੁਰੂ ਹੋਇਆ ਸੀ, ਇਸ ਤੋਂ ਪਹਿਲਾਂ ਕਿ ਉਸ ਦਾ ਪਰਿਵਾਰ 2006 ਵਿਚ ਯੂਕੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਵੈਸਟ ਲੰਡਨ ਦੇ ਲੈਂਗਲੇ ਗ੍ਰਾਮਰ ਸਕੂਲ ਵਿਚ ਦਾਖਲ ਕਰਵਾਇਆ ਗਿਆ। ਅਕਾਦਮਿਕ ਯੋਗਤਾ ਤੋਂ ਇਲਾਵਾ, ਮਹਿਨੂਰ ਆਪਣੇ ਆਈਕਿਊ ਪੱਧਰ ਲਈ ਵੀ ਜਾਣੀ ਜਾਂਦੀ ਹੈ। ਉਸਦਾ IQ 161 ਹੈ, ਜੋ ਕਿ ਅਲਬਰਟ ਆਈਨਸਟਾਈਨ ਦੇ 160 IQ ਤੋਂ ਵੱਧ ਹੈ। ਮਹਿਨੂਰ ਦਾ ਟੀਚਾ ਆਕਸਫੋਰਡ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰਨਾ ਹੈ।