ਬਲੋਚਿਸਤਾਨ 'ਚ ਪਾਕਿਸਤਾਨੀ ਜਲ ਸੈਨਾ ਦਾ ਹੈਲੀਕਾਪਟਰ ਕਰੈਸ਼; ਦੋ ਅਫ਼ਸਰਾਂ ਸਣੇ ਤਿੰਨ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ

File Photo

 

ਕਰਾਚੀ: ਪਾਕਿਸਤਾਨ ਨੇਵੀ ਦਾ ਇਕ ਹੈਲੀਕਾਪਟਰ ਸੋਮਵਾਰ ਨੂੰ ਦੇਸ਼ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਰੁਟੀਨ ਟਰੇਨਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਦੋ ਅਧਿਕਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਲ ਸੈਨਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿਤੀ। ਦ ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਨੇ ਦਸਿਆ ਕਿ ਗਵਾਦਰ ਦੇ ਸੂਬਾਈ ਸ਼ਹਿਰ 'ਚ ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ, ਜਿਸ 'ਚ ਪਾਕਿਸਤਾਨੀ ਜਲ ਸੈਨਾ ਦੇ ਦੋ ਅਧਿਕਾਰੀਆਂ ਅਤੇ ਇਕ ਮਲਾਹ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪਾਕਿਸਤਾਨ ਪਹੁੰਚੇ ਬੀਸੀਸੀਆਈ ਪ੍ਰਧਾਨ ਅਤੇ ਉਪ ਪ੍ਰਧਾਨ; ਕਿਹਾ, ਕ੍ਰਿਕਟ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ

ਖ਼ਬਰ ਵਿਚ ਇਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਸੰਭਾਵਤ ਤਕਨੀਕੀ ਖ਼ਰਾਬੀ ਕਾਰਨ, ਸਿਖਲਾਈ ਉਡਾਣ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਵਿਚ ਤਿੰਨ ਮਰੀਨ (ਦੋ ਅਧਿਕਾਰੀ ਅਤੇ ਇਕ ਮਲਾਹ) ਮਾਰੇ ਗਏ।'' ਬੁਲਾਰੇ ਨੇ ਦਸਿਆ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਹੈਲੀਕਾਪਟਰ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: 1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ

ਪਿਛਲੇ ਸਾਲ ਸਤੰਬਰ ਵਿਚ ਹੀ ਬਲੋਚਿਸਤਾਨ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਦੋ ਮੇਜਰਾਂ ਸਮੇਤ ਛੇ ਪਾਕਿਸਤਾਨੀ ਫੌਜੀ ਅਧਿਕਾਰੀ ਮਾਰੇ ਗਏ ਸਨ।ਬਲੋਚਿਸਤਾਨ ਪਾਕਿਸਤਾਨ ਦਾ ਸੱਭ ਤੋਂ ਵੱਡਾ ਸੂਬਾ ਅਤੇ ਦਹਾਕਿਆਂ ਪੁਰਾਣੀ ਵੱਖਵਾਦੀ ਲਹਿਰ ਦਾ ਕੇਂਦਰ ਵੀ ਹੈ। ਸੂਬੇ 'ਚ ਸਥਿਤ ਵੱਖ-ਵੱਖ ਹਥਿਆਰਬੰਦ ਸਮੂਹਾਂ ਨੇ ਪਿਛਲੇ ਸਮੇਂ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਇਥੇ ਕੰਮ ਕਰ ਰਹੇ ਚੀਨੀ ਨਾਗਰਿਕਾਂ 'ਤੇ ਹਮਲੇ ਕੀਤੇ ਹਨ।