Israel-Hamas war : ਇਜ਼ਰਾਇਲੀ ਜਹਾਜ਼ਾਂ ਨੇ ਗਾਜ਼ਾ ਸ਼ਰਨਾਰਥੀ ਕੈਂਪ ’ਤੇ ਹਮਲਾ ਕੀਤਾ, 33 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਜ਼ਰਾਈਲ-ਹਮਾਸ ਯੁੱਧ ’ਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ ਵਧ ਕੇ 9,448 ਹੋਈ

Israel-Hamas war

Israel-Hamas war continues on day 30 as 33 more people killed in Israeli bombing on Al-Maghazi camp in Gaza : ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਐਤਵਾਰ ਤੜਕੇ ਗਾਜ਼ਾ ਪੱਟੀ ’ਚ ਇਕ ਸ਼ਰਨਾਰਥੀ ਕੈਂਪ ’ਤੇ ਹਮਲਾ ਕੀਤਾ, ਜਿਸ ’ਚ ਘੱਟੋ-ਘੱਟ 33 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕਾ ਨੇ ਆਮ ਨਾਗਰਿਕਾਂ ਨੂੰ ਰਾਹਤ ਦੇਣ ਲਈ ਇਜ਼ਰਾਈਲ ਨੂੰ ਕੁਝ ਸਮੇਂ ਲਈ ਹਮਲੇ ਰੋਕਣ ਦੀ ਅਪੀਲ ਕੀਤੀ ਸੀ ਪਰ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਗਾਜ਼ਾ ’ਚ ਹਮਾਸ ਦੇ ਸ਼ਾਸਕਾਂ ਨੂੰ ਕੁਚਲਣ ਲਈ ਅਪਣੇ ਹਮਲੇ ਜਾਰੀ ਰੱਖੇਗਾ।

ਗਾਜ਼ਾ ’ਚ ਹਮਾਸ ਵਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ-ਹਮਾਸ ਯੁੱਧ ’ਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 9,448 ਹੋ ਗਈ ਹੈ। ਇਜ਼ਰਾਈਲ ’ਚ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਦੀ ਮੌਤ 7 ਅਕਤੂਬਰ ਨੂੰ ਹਮਾਸ ਦੇ ਸ਼ੁਰੂਆਤੀ ਹਮਲੇ ’ਚ ਹੋਈ ਸੀ। ਇਸ ਹਮਲੇ ਤੋਂ ਬਾਅਦ ਹੀ ਜੰਗ ਸ਼ੁਰੂ ਹੋਈ।

ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਕਿਹਾ ਕਿ ਗਾਜ਼ਾ ਦੇ ਮਘਾਜ਼ੀ ਸ਼ਰਨਾਰਥੀ ਕੈਂਪ ’ਤੇ ਐਤਵਾਰ ਨੂੰ ਅੱਧੀ ਸਵੇਰ ਹੋਏ ਹਵਾਈ ਹਮਲੇ ’ਚ ਘੱਟੋ-ਘੱਟ 33 ਲੋਕ ਮਾਰੇ ਗਏ ਅਤੇ 42 ਜ਼ਖਮੀ ਹੋ ਗਏ। ਕੈਂਪ ਉਸ ਨਿਕਾਸੀ ਜ਼ੋਨ ’ਚ ਸਥਿਤ ਹੈ ਜਿੱਥੇ ਇਜ਼ਰਾਈਲ ਦੀ ਫੌਜ ਨੇ ਗਾਜ਼ਾ ’ਚ ਫਲਸਤੀਨੀਆਂ ਨੂੰ ਪਨਾਹ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਉੱਤਰੀ ਇਲਾਕਿਆਂ ’ਚ ਅਪਣੇ ਫੌਜੀ ਹਮਲੇ ਨੂੰ ਕੇਂਦਰਿਤ ਕਰ ਰਹੀ ਹੈ। ਇਸ ਅਪੀਲ ਦੇ ਬਾਵਜੂਦ, ਇਜ਼ਰਾਈਲ ਨੇ ਹਮਾਸ ਦੇ ਲੜਾਕਿਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ਗਾਜ਼ਾ ਭਰ ’ਚ ਅਪਣੀ ਬੰਬਾਰੀ ਜਾਰੀ ਰੱਖੀ ਹੈ। ਇਜ਼ਰਾਈਲ ਨੇ ਹਮਾਸ ’ਤੇ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਦੋਸ਼ ਲਾਇਆ ਹੈ।

ਯੂਰਪੀ ਸ਼ਹਿਰਾਂ ’ਚ ਫਲਸਤੀਨ ਪੱਖੀ ਲੋਕਾਂ ਨੇ ਪ੍ਰਦਰਸ਼ਨ ਕੀਤਾ

ਫਰਾਂਸ ਦੀ ਰਾਜਧਾਨੀ ਪੈਰਿਸ, ਜਰਮਨ ਦੀ ਰਾਜਧਾਨੀ ਬਰਲਿਨ ਅਤੇ ਹੋਰ ਯੂਰਪੀ ਸ਼ਹਿਰਾਂ ’ਚ ਹਜ਼ਾਰਾਂ ਫਲਸਤੀਨ ਪੱਖੀ ਲੋਕਾਂ ਨੇ ਗਾਜ਼ਾ ’ਚ ਇਜ਼ਰਾਈਲੀ ਬੰਬਾਰੀ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਇਜ਼ਰਾਈਲ-ਹਮਾਸ ਯੁੱਧ ’ਚ ਮੌਤਾਂ ਦੀ ਵੱਧ ਰਹੀ ਗਿਣਤੀ ਅਤੇ ਡੂੰਘੇ ਹੋ ਰਹੇ ਮਨੁੱਖਤਾਵਾਦੀ ਸੰਕਟ ਨੂੰ ਲੈ ਕੇ ਯੂਰਪ ’ਚ ਵਧ ਰਹੀ ਅਸੰਤੁਸ਼ਟੀ ਨੂੰ ਦਰਸਾਉਂਦੇ ਹਨ, ਖਾਸ ਤੌਰ ’ਤੇ ਉਨ੍ਹਾਂ ਦੇਸ਼ਾਂ ’ਚ ਜਿੱਥੇ ਵੱਡੀ ਮੁਸਲਿਮ ਆਬਾਦੀ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਖੇਤਰ ਦੇ ਅਪਣੇ ਹਾਲੀਆ ਦੌਰੇ ਦੌਰਾਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਹਮਲਿਆਂ ਨੂੰ ਕੁਝ ਸਮੇਂ ਲਈ ਰੋਕਣ ਦਾ ਪ੍ਰਸਤਾਵ ਰਖਿਆ ਸੀ, ਜਿਸ ਨੂੰ ਇਜ਼ਰਾਈਲ ਨੇ ਠੁਕਰਾ ਦਿਤਾ ਹੈ। ਇਜ਼ਰਾਈਲ ਦੇ ਰਖਿਆ ਮੰਤਰੀ ਯਾਵ ਗਲੈਂਟ ਨੇ ਕਿਹਾ, ‘‘ਗਾਜ਼ਾ ਸਿਟੀ ’ਚ ਰਹਿਣ ਵਾਲਾ ਹਰ ਵਿਅਕਤੀ ਅਪਣੀ ਜਾਨ ਨੂੰ ਖ਼ਤਰੇ ’ਚ ਪਾ ਰਿਹਾ ਹੈ।’’

ਅਰਬ ਆਗੂਆਂ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ’ਤੇ ਜ਼ੋਰ ਦਿਤਾ, ਬਲਿੰਕਨ ਨੇ ਕਿਹਾ ਇਸ ਦਾ ਉਲਟਾ ਅਸਰ ਪਵੇਗਾ
ਅੱਮਾਨ: ਇਜ਼ਰਾਈਲ-ਹਮਾਸ ਜੰਗ ’ਚ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਦੀ ਨਿੰਦਾ ਕਰਦੇ ਹੋਏ ਅਰਬ ਨੇਤਾਵਾਂ ਨੇ ਸ਼ਨਿਚਰਵਾਰ ਨੂੰ ਤੁਰਤ ਜੰਗਬੰਦੀ ’ਤੇ ਜ਼ੋਰ ਦਿਤਾ, ਜਦਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚਿਤਾਵਨੀ ਦਿਤੀ ਕਿ ਅਜਿਹੇ ਕਦਮ ਦਾ ਉਲਟਾ ਅਸਰ ਹੋਵੇਗਾ ਅਤੇ ਇਸ ਨਾਲ ਅਤਿਵਾਦੀ ਸਮੂਹ ਹੋਰ ਹਿੰਸਾ ਕਰਨ ਲਈ ਉਤਸ਼ਾਹਿਤ ਹੋਵੇਗਾ। ਮਿਸਰ, ਜੌਰਡਨ, ਸਾਊਦੀ ਅਰਬ, ਕਤਰ ਅਤੇ ਅਮੀਰਾਤ ਦੇ ਸਫ਼ੀਰਾਂ ਨਾਲ ਦੁਪਹਿਰ ਦੀ ਗੱਲਬਾਤ ਤੋਂ ਬਾਅਦ, ਬਲਿੰਕਨ ਨੇ ਚਰਚਾ ਨੂੰ ਗਾਜ਼ਾ ’ਚ ਨਾਗਰਿਕਾਂ ਦੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਸਾਂਝੀ ਇੱਛਾ ਦਸਿਆ। 

ਅਰਬ ਦੇਸ਼ਾਂ ਅਤੇ ਬਲਿੰਕਨ ਦੇ ਸੰਦੇਸ਼ਾਂ ’ਚ ਫ਼ਰਕ ਸਪੱਸ਼ਟ ਹੈ। ਬਲਿੰਕਨ ਨੇ ਇਸ ਮੀਟਿੰਗ ਤੋਂ ਇਕ ਦਿਨ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਬੰਦ ਕਮਰਾ ਗੱਲਬਾਤ ਕੀਤੀ ਸੀ। ਅਰਬ ਮੰਤਰੀਆਂ ਨੇ ਵਾਰ-ਵਾਰ ਯੁੱਧ ਰੋਕਣ ਦਾ ਸੱਦਾ ਦਿੱਤਾ ਹੈ ਅਤੇ ਇਜ਼ਰਾਈਲ ਦੀਆਂ ਜੰਗੀ ਚਾਲਾਂ ਦੀ ਨਿੰਦਾ ਕੀਤੀ ਹੈ। ਮਿਸਰ ਦੇ ਡਿਪਲੋਮੈਟ ਸਮੇਹ ਸ਼ੌਕਰੀ ਨੇ ਕਿਹਾ, ‘‘ਅਸੀਂ ਗਾਜ਼ਾ ’ਚ ਫਲਸਤੀਨੀਆਂ ਦੀ ‘ਸਮੂਹਿਕ ਸਜ਼ਾ’ ਨੂੰ ਸਵੈ-ਰੱਖਿਆ ਦੇ ਅਧਿਕਾਰ ਵਜੋਂ ਸਵੀਕਾਰ ਨਹੀਂ ਕਰ ਸਕਦੇ। ਇਹ ਬਿਲਕੁਲ ਵੀ ਜਾਇਜ਼ ਸਵੈ-ਰੱਖਿਆ ਨਹੀਂ ਹੋ ਸਕਦਾ।’’ ਬਲਿੰਕਨ ਅਮਰੀਕੀ ਦੇ ਇਸ ਰੁਖ਼ ’ਤੇ ਅੜੇ ਰਹੇ ਕਿ 7 ਅਕਤੂਬਰ ਨੂੰ ਹਮਾਸ ਵਲੋਂ ਕੀਤੇ ਗਏ ਅਚਾਨਕ ਹਮਲੇ ਤੋਂ ਬਾਅਦ ਜੰਗਬੰਦੀ ਇਜ਼ਰਾਈਲ ਦੇ ਅਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਅਧਿਕਾਰ ਅਤੇ ਜ਼ਿੰਮੇਵਾਰੀ ਨੂੰ ਨੁਕਸਾਨ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਨ ਲਈ ਬਾਈਡਨ ਪ੍ਰਸ਼ਾਸਨ ਦੀ ਵਚਨਬੱਧਤਾ ਅਟੁੱਟ ਹੈ। 

 (For more news apart from Israel-Hamas war, stay tuned to Rozana Spokesman)