ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਭਾਰਤੀਆਂ ’ਤੇ ਜੇਲ੍ਹਾਂ ’ਚ ਹੋ ਰਿਹਾ ਤਸ਼ੱਦਦ, 20 ਹਜ਼ਾਰ ਅਜੇ ਵੀ ਜੇਲ੍ਹਾਂ ’ਚ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਸਤਾਰ ਅਤੇ ਕੜਾ ਪਾਉਣ ਦੀ ਨਹੀਂ ਦਿੱਤੀ ਜਾ ਰਹੀ ਮਨਜ਼ੂਰੀ

20000 Indian prisoners illegally lodged in US jails

 

ਨਿਊਯਾਰਕ: ਅਮਰੀਕਾ ਦੀਆਂ ਜੇਲ੍ਹਾਂ ਵਿਚ 20,000 ਤੋਂ ਵੱਧ ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਹਨ। ਇਹਨਾਂ ਜੇਲ੍ਹਾਂ ਵਿਚ ਗੈਰ-ਦਸਤਾਵੇਜ਼ੀ ਕੈਦੀ ਜ਼ਬਰਦਸਤੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਇਸ ਦੇ ਜ਼ਰੀਏ ਜੇਲ੍ਹਾਂ ਮੋਟੀ ਕਮਾਈ ਕਰ ਰਹੀਆਂ ਹਨ  ਪਰ ਉਹਨਾਂ ਨੂੰ ਕੋਈ ਭੁਗਤਾਨ ਨਹੀਂ ਕੀਤਾ ਜਾ ਰਿਹਾ। ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਕੈਦੀਆਂ ਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਮੈਕਸੀਕੋ ਰਾਹੀਂ ਅਮਰੀਕਾ ਦੀ ਸਰਹੱਦ ਵਿਚ ਦਾਖ਼ਲ ਹੋਏ ਭਾਰਤੀ ਮੂਲ ਦੇ ਇਕ ਪੰਜਾਬੀ ਨੇ ਦੱਸਿਆ ਕਿ ਮੈਂ ਇਕ ਸਾਲ ਤੋਂ ਕੈਲੀਫੋਰਨੀਆ ਜੇਲ੍ਹ ਵਿਚ ਕੈਦ ਰਿਹਾ। ਇਹ ਮੇਰੇ ਲਈ ਇਕ ਡਰਾਉਣੇ ਸੁਪਨੇ ਵਰਗਾ ਹੈ। ਸਾਨੂੰ ਉਥੇ ਪੱਗਾਂ ਅਤੇ ਕੜਾ ਪਹਿਨਣ ਦੀ ਵੀ ਇਜਾਜ਼ਤ ਨਹੀਂ ਸੀ। ਸ਼ਾਕਾਹਾਰੀ ਭੋਜਨ ਖਾਣ ਵਾਲੇ ਵੀ ਮਾਸ ਖਾਣ ਲਈ ਮਜਬੂਰ ਹਨ।

ਮਨੁੱਖੀ ਅਧਿਕਾਰਾਂ ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਅਮਰੀਕਾ ਦੀਆਂ ਜੇਲ੍ਹਾਂ ਇਕ ਉਦਯੋਗ ਬਣ ਗਈਆਂ ਹਨ। ਹਰ ਸਾਲ ਕੈਦੀਆਂ ਤੋਂ ਕੰਮ ਕਰਵਾ ਕੇ 11 ਅਰਬ ਡਾਲਰ ਯਾਨੀ 91 ਹਜ਼ਾਰ ਕਰੋੜ ਰੁਪਏ ਕਮਾਏ ਜਾਂਦੇ ਹਨ। ਹਾਲਾਂਕਿ ਕੈਦੀਆਂ ਨੂੰ ਸਿਰਫ ਇਕ ਘੰਟੇ ਦੇ ਕੰਮ ਲਈ ਤਨਖਾਹ ਮਿਲਦੀ ਹੈ। ਉਹਨਾਂ ਦੀ ਸਾਲਾਨਾ ਘੱਟੋ-ਘੱਟ ਮਜ਼ਦੂਰੀ 450 ਡਾਲਰ ਰੱਖੀ ਗਈ ਹੈ।

ਜਾਂਚਕਰਤਾ ਜੈਨੀਫਰ ਨੇ ਇਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਜੇਲ੍ਹਾਂ ਵਿਚ ਗੈਰ-ਕਾਨੂੰਨੀ ਢੰਗ ਨਾਲ ਬੰਦ ਕੈਦੀਆਂ ਦੀ ਹਾਲਤ ਤਰਸਯੋਗ ਹੈ। ਜੇਲ੍ਹਾਂ ਦਾ ਦਾਅਵਾ ਹੈ ਕਿ ਉਹਨਾਂ ਕੋਲ ਇੰਨੇ ਫੰਡ ਨਹੀਂ ਹਨ ਕਿ ਉਹ ਇਹਨਾਂ ਕੈਦੀਆਂ ਨੂੰ ਉਚਿਤ ਤਨਖਾਹਾਂ ਦੇ ਸਕਣ ਪਰ ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੇਲ੍ਹਾਂ ਕੈਦੀਆਂ ਨੂੰ ਮਜ਼ਦੂਰ ਬਣਾ ਕੇ ਅਰਬਾਂ ਡਾਲਰ ਕਮਾ ਲੈਂਦੀਆਂ ਹਨ। ਇਸ ਤੋਂ ਬਾਅਦ ਵੀ ਕੈਦੀਆਂ ਦਾ ਸ਼ੋਸ਼ਣ ਹੁੰਦਾ ਹੈ। ਕਈ ਵਾਰ ਕੈਦੀਆਂ ਕੋਲ ਜੇਲ੍ਹ ਵਿਚ ਸਾਬਣ ਖਰੀਦਣ ਜਾਂ ਫ਼ੋਨ ਕਰਨ ਲਈ ਵੀ ਪੈਸੇ ਨਹੀਂ ਹੁੰਦੇ।

ਦਰਅਸਲ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵਿਚ ਪ੍ਰਾਈਵੇਟ ਕੰਪਨੀਆਂ ਜੇਲ੍ਹਾਂ ਚਲਾਉਂਦੀਆਂ ਹਨ। ਇਹਨਾਂ ਜੇਲ੍ਹਾਂ ਵਿਚ ਜਿੰਨੇ ਜ਼ਿਆਦਾ ਕੈਦੀ ਹੋਣਗੇ, ਓਨਾ ਹੀ ਕੰਪਨੀਆਂ ਨੂੰ ਸਰਕਾਰ ਤੋਂ ਫਾਇਦਾ ਮਿਲੇਗਾ। ਜੇਲ੍ਹਾਂ ਦਾ 80% ਕੰਮ ਇਹਨਾਂ ਵਿਚ ਰਹਿ ਰਹੇ ਕੈਦੀਆਂ ਵੱਲੋਂ ਕੀਤਾ ਜਾਂਦਾ ਹੈ। ਇਸ ਵਿਚ ਸਫਾਈ, ਮੁਰੰਮਤ ਦਾ ਕੰਮ, ਕੱਪੜੇ ਧੋਣ ਆਦਿ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਬਾਹਰਲੀਆਂ ਕੰਪਨੀਆਂ ਜੇਲ੍ਹਾਂ ਨੂੰ ਮੇਜ਼-ਕੁਰਸੀਆਂ ਅਤੇ ਹੋਰ ਸਮਾਨ ਬਣਾਉਣ ਦਾ ਠੇਕਾ ਵੀ ਦਿੰਦੀਆਂ ਹਨ। ਇਹ ਵੀ ਜੇਲ੍ਹ ਦੇ ਕੈਦੀਆਂ ਤੋਂ ਬਣਾਏ ਜਾਂਦੇ ਹਨ, ਜੋ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਫਿਰ ਉਹਨਾਂ ਨੂੰ ਇਕੱਲੇ ਕੋਠੜੀ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਪਰਿਵਾਰ ਵਾਲਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ।

ਸਰਹੱਦ ਪਾਰ ਤੋਂ ਘੁਸਪੈਠ ਦੇ ਜ਼ਿਆਦਾਤਰ ਮਾਮਲਿਆਂ ਵਿਚ ਕੈਦੀਆਂ ਨੂੰ ਇਕ ਸਾਲ ਦੇ ਅੰਦਰ-ਅੰਦਰ ਜ਼ਮਾਨਤ ਮਿਲ ਜਾਂਦੀ ਹੈ ਪਰ ਕਈ ਕੈਦੀਆਂ ਕੋਲ ਵਕੀਲ ਰੱਖਣ ਲਈ ਵੀ ਪੈਸੇ ਨਹੀਂ ਹੁੰਦੇ, ਜਿਸ ਕਰਕੇ ਉਹ ਜੇਲ੍ਹ ਵਿਚ ਹੀ ਰਹਿਣ ਲਈ ਮਜਬੂਰ ਹਨ। 2022 ਵਿਚ ਅਮਰੀਕਾ ਵਿਚ ਗ੍ਰਿਫਤਾਰ ਕੀਤੇ ਗਏ 60,000 ਭਾਰਤੀਆਂ ਵਿਚੋਂ 40,000 ਨੂੰ ਜ਼ਮਾਨਤ ਮਿਲ ਗਈ ਸੀ ਪਰ 20,000 ਅਜੇ ਵੀ ਜੇਲ੍ਹਾਂ ਵਿਚ ਬੰਦ ਹਨ।