King Charles has cancer: ਬ੍ਰਿਟੇਨ ਦੇ ਕਿੰਗ ਚਾਰਲਸ ਨੂੰ ਹੋਇਆ ਕੈਂਸਰ; ਸਾਰੀਆਂ ਜਨਤਕ ਮੀਟਿੰਗਾਂ ਕੁੱਝ ਸਮੇਂ ਲਈ ਮੁਲਤਵੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

King Charles has cancer

King Charles has cancer: ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਕੈਂਸਰ ਹੈ। ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੈਲੇਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਿੰਗ ਚਾਰਲਸ ਦੀਆਂ ਸਾਰੀਆਂ ਜਨਤਕ ਮੀਟਿੰਗਾਂ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ ਹੈ। ਪੈਲੇਸ ਨੇ ਇਹ ਵੀ ਕਿਹਾ ਕਿ ਕਿੰਗ ਚਾਰਲਸ ਅਪਣੇ ਇਲਾਜ ਨੂੰ ਲੈ ਕੇ ਬਹੁਤ ਸਕਾਰਾਤਮਕ ਹਨ।

75 ਸਾਲਾ ਰਾਜਾ ਚਾਰਲਸ ਪਿਛਲੇ ਮਹੀਨੇ ਹੀ ਤਿੰਨ ਦਿਨਾਂ ਲਈ ਹਸਪਤਾਲ ਵਿਚ ਦਾਖਲ ਰਹੇ ਸਨ। ਉਨ੍ਹਾਂ ਨੇ ਪ੍ਰੋਸਟੇਟ ਦਾ ਆਪਰੇਸ਼ਨ ਕਰਵਾਇਆ ਸੀ। ਉਸ ਸਮੇਂ ਉਨ੍ਹਾਂ ਦੇ ਸਰੀਰ ਵਿਚ ਕਿਸੇ ਹੋਰ ਬੀਮਾਰੀ ਦੇ ਲੱਛਣ ਦਿਖਾਈ ਦਿਤੇ ਸਨ। ਸੋਮਵਾਰ ਨੂੰ, ਪੈਲੇਸ ਨੇ ਕਿਹਾ ਕਿ ਉਨ੍ਹਾਂ ਲੱਛਣਾਂ ਦੇ ਟੈਸਟਾਂ ਨੇ ਕੈਂਸਰ ਦੀ ਇਕ ਕਿਸਮ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੈਲੇਸ ਨੇ ਇਹ ਵੀ ਕਿਹਾ ਕਿ ਇਹ ਪ੍ਰੋਸਟੇਟ ਕੈਂਸਰ ਨਹੀਂ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿੰਗ ਚਾਰਲਸ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਕਿੰਗ ਚਾਰਲਸ ਦੇ ਕੈਂਸਰ ਦੀ ਕਿਹੜੀ ਸਟੇਜ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿਤੀ ਗਈ ਹੈ। ਕਿੰਗ ਚਾਰਲਸ ਨੇ ਖ਼ੁਦ ਅਪਣੇ ਦੋ ਪੁੱਤਰਾਂ ਪ੍ਰਿੰਸ ਹੈਰੀ ਅਤੇ ਪ੍ਰਿੰਸ ਆਫ਼ ਵੇਲਸ ਵਿਲੀਅਮ ਨੂੰ ਇਸ ਬਿਮਾਰੀ ਬਾਰੇ ਦਸਿਆ ਹੈ। ਦਸਿਆ ਗਿਆ ਹੈ ਕਿ ਪ੍ਰਿੰਸ ਆਫ ਵੇਲਜ਼ ਵਿਲੀਅਮ ਅਪਣੇ ਪਿਤਾ ਨਾਲ ਲਗਾਤਾਰ ਸੰਪਰਕ ਵਿਚ ਹਨ। ਡਿਊਕ ਆਫ ਸਸੇਕਸ ਪ੍ਰਿੰਸ ਹੈਰੀ ਅਮਰੀਕਾ ਵਿਚ ਰਹਿੰਦੇ ਹਨ। ਹੈਰੀ ਨੇ ਅਪਣੇ ਪਿਤਾ ਨਾਲ ਗੱਲ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਅਪਣੇ ਪਿਤਾ ਨੂੰ ਮਿਲਣ ਲਈ ਯੂਕੇ ਆਉਣਗੇ।

ਕਿੰਗ ਚਾਰਲਸ ਸੋਮਵਾਰ ਦੀ ਸਵੇਰੇ ਨਾਰਫੋਕ ਦੇ ਸੈਂਡਰਿੰਘਮ ਤੋਂ ਲੰਡਨ ਆਏ ਸਨ। ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਕਿੰਗ ਚਾਰਲਸ ਦਾ ਇਲਾਜ ‘ਆਊਟਪੇਸ਼ੇਂਟ’ ਵਜੋਂ ਕੀਤਾ ਜਾਵੇਗਾ ਯਾਨਿ ਉਹ ਹਸਪਤਾਲ 'ਚ ਭਰਤੀ ਹੋ ਕੇ ਇਲਾਜ ਨਹੀਂ ਕਰਵਾ ਰਹੇ ਹੋਣਗੇ। ਹਾਲਾਂਕਿ, ਕਿੰਗ ਚਾਰਲਸ ਜਨਤਕ ਸਮਾਗਮਾਂ ਵਿਚ ਹਿੱਸਾ ਨਹੀਂ ਲੈਣਗੇ ਪਰ ਉਹ ਸਰਕਾਰ ਦੇ ਮੁਖੀ ਹੋਣ ਦੀ ਅਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ। ਇਸ ਵਿਚ ਦਸਤਾਵੇਜ਼ੀ ਕੰਮ ਅਤੇ ਨਿੱਜੀ ਮੀਟਿੰਗਾਂ ਵੀ ਸ਼ਾਮਲ ਹੋਣਗੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਡਾਕਟਰ ਦੂਰੀ ਬਣਾਈ ਰੱਖਣ ਦੀ ਸਲਾਹ ਨਹੀਂ ਦਿੰਦੇ ਹਨ ਤਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕਿੰਗ ਚਾਰਲਸ ਦੀ ਹਫ਼ਤਾਵਾਰੀ ਮੁਲਾਕਾਤਾਂ ਜਾਰੀ ਰਹਿਣਗੀਆਂ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, 'ਕਿੰਗ ਚਾਰਲਸ ਦੀ ਜਲਦੀ ਸਿਹਤਯਾਬੀ ਲਈ ਕਾਮਨਾ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਉਹ ਜਲਦੀ ਹੀ ਪੂਰੀ ਤਾਕਤ ਨਾਲ ਵਾਪਸ ਆਉਣਗੇ। ਮੈਂ ਇਹ ਵੀ ਜਾਣਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਨੂੰ ਦੁਆਵਾਂ ਭੇਜ ਰਿਹਾ ਹੈ’।

(For more Punjabi news apart from King Charles has cancer News in Punjabi, stay tuned to Rozana Spokesman)