ਕਰੰਸੀ ਨੋਟਾਂ ਨਾਲ ਵੀ ਫ਼ੈਲ ਸਕਦੈ ਕਰੋਨਾ ਵਾਇਰਸ, ਡਬਲਿਯੂਐਚਓ ਨੇ ਜਾਰੀ ਕੀਤੀ ਚਿਤਾਵਨੀ
ਨਕਦੀ ਦੇ ਇਸਤੇਮਾਲ ਤੋਂ ਬਚਣ ਦੀ ਦਿਤੀ ਸਲਾਹ
ਲੰਡਨ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਭਰ ਅੰਦਰ ਤਰਥੱਲੀ ਮਚਾ ਰੱਖੀ ਹੈ। ਹੁਣ ਤਕ ਇਹ 70 ਦੇ ਕਰੀਬ ਦੇਸ਼ਾਂ ਵਿਚ ਫੈਲ ਚੁੱਕਾ ਹੈ ਜਿਸ ਤੋਂ ਪੀੜਤਾਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਵਿਗਿਆਨੀਆਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦੀ ਰੋਕਥਾਮ ਅਤੇ ਇਲਾਜ ਲਈ ਅਜੇ ਤਕ ਕੋਈ ਪੁਖਤਾ ਦਵਾਈ ਤਿਆਰ ਨਹੀਂ ਕੀਤੀ ਜਾ ਸਕੀ। ਇਸ ਲਈ ਇਸ ਤੋਂ ਬਚਾਅ ਸਬੰਧੀ ਆਏ ਦਿਨ ਨਵੇਂ ਨਵੇਂ ਦਾਅਵੇ ਤੇ ਹਦਾਇਤਾਂ ਸਾਹਮਣੇ ਆ ਰਹੀਆਂ ਹਨ।
ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਕਰੰਸੀ ਨੋਟਾਂ ਜ਼ਰੀਏ ਫ਼ੈਲਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਡਬਲਿਯੂਐਚਓ ਮੁਤਾਬਕ ਗੰਦੇ ਨੋਟ ਇਸ ਵਾਇਰਸ ਦੇ ਫ਼ੈਲਣ ਦਾ ਵੱਡਾ ਕਾਰਨ ਹੋ ਸਕਦੇ ਹਨ। ਸਿਹਤ ਸੰਸਥਾ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਨਕਦੀ ਦੇ ਇਸਤੇਮਾਲ ਤੋਂ ਬਚਣ ਲਈ ਕਿਹਾ ਹੈ। ਲੋਕਾਂ ਨੂੰ ਕੈਸ਼ਲੈੱਸ ਟਰਾਂਸੇਕਸ਼ਨ ਜਾਂ ਕਿਸੇ ਤਰ੍ਹਾਂ ਦੇ ਕੰਟੈਕਟ (ਬਿਨਾਂ ਦੂਜੇ ਨੂੰ ਹੱਥ ਲਗਾਏ) ਵਰਗੇ ਢੰਗ ਤਰੀਕਿਆਂ ਦਾ ਪੇਮੈਂਟ ਕਰਨ ਸਮੇਂ ਇਸਤੇਮਾਲ ਕਰਨ ਲਈ ਕਿਹਾ ਹੈ।
ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਨੋਟਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣ ਲਈ ਗਿਆ ਹੈ। ਸੰਸਥਾ ਮੁਤਾਬਕ ਕੋਵਿਡ-19 ਨੋਟ ਦੀ ਸੱਤਾ 'ਤੇ ਕਈ ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ।
ਡਬਲਿਊ.ਐਚ.ਓ. ਦੇ ਬੁਲਾਰੇ ਅਨੁਸਾਰ ਬਿਮਾਰੀ ਨੂੰ ਰੋਕਣ ਲਈ ਲੋਕਾਂ ਨੂੰ ਜਿੱਥੋਂ ਤਕ ਹੋ ਸਕੇ, ਕੰਟੈਕਟ ਲੈਸ ਤਕਨਾਲੋਜੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੈਂਕ ਆਫ਼ ਇੰਗਲੈਂਡ ਨੇ ਵੀ ਕਰੰਸੀ ਨੋਟਾ ਜ਼ਰੀਏ ਕੋਰੋਨਾ ਵਾਇਰਸ ਫੈਲਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪਣੇ ਹੱਥ ਲਗਾਤਾਰ ਧੋਦੇ ਰਹਿਣ ਦੀ ਸਲਾਹ ਦਿਤੀ ਹੈ।
ਇਸੇ ਦੌਰਾਨ ਚੀਨ ਅਤੇ ਕੋਰੀਆ ਨੇ ਪਿਛਲੇ ਦਿਨੀਂ ਬੈਂਕ ਨੋਟਾਂ ਨੂੰ ਵਾਇਰਸ ਮੁਕਤ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ। ਦੋਹਾਂ ਦੇਸ਼ਾਂ ਨੇ ਇਸਤੇਮਾਲ ਵਿਚ ਆ ਚੁੱਕੇ ਨੋਟਾਂ ਨੂੰ ਆਈਸੋਲੇਟ ਕਰਨਾ ਸ਼ੁਰੂ ਕੀਤਾ ਸੀ।
ਅਧਿਕਾਰੀਆਂ ਮੁਤਾਬਕ ਅਲਟਰਾਵਾਇਲਟ ਲਾਈਟ ਜਾਂ ਹਾਈ ਟੈਪਰੇਚਰ ਦਾ ਇਸਤੇਮਾਲ ਕਰ ਕੇ ਬਿੱਲ ਦਾ ਸਟਰਲਾਈਜ਼ ਕੀਤਾ ਗਿਆ ਸੀ। 14 ਦਿਨਾਂ ਤਕ ਪੂਰੀ ਤਰ੍ਹਾਂ ਨਾਲ ਸੀਲਡ ਸਟੋਰ ਵਿਚ ਰਹਿਣ ਤੋਂ ਬਾਅਦ ਹੀ ਨੋਟ ਸਰਕੂਲੇਸ਼ਨ ਵਿਚ ਆ ਸਕੇ ਸਨ।