New York City Earthquake: ਨਿਊਯਾਰਕ ਸਿਟੀ ਵਿਚ ਮਹਿਸੂਸ ਹੋਏ ਭੂਚਾਲ ਦੇ ਝਟਕੇ; ਸਮੁੰਦਰ 'ਚ ਉੱਠੀਆਂ ਉੱਚੀਆਂ ਲਹਿਰਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਸ਼ੁਰੂਆਤੀ ਤੀਬਰਤਾ 4.8 ਮਾਪੀ ਗਈ

4.8 magnitude earthquake hits New York City

New York City Earthquake: ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਨਿਊਯਾਰਕ ਸਿਟੀ ਦੇ ਸੰਘਣੀ ਆਬਾਦੀ ਵਾਲੇ ਮੈਟਰੋਪੋਲੀਟਨ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਨੂੰ ਕੁੱਝ ਸਮੇਂ ਲਈ ਵਿਘਨ ਪਾ ਦਿਤਾ। ਨਿਵਾਸੀਆਂ ਨੇ ਦਸਿਆ ਕਿ ਉਨ੍ਹਾਂ ਨੇ ਪੂਰਬੀ ਤੱਟ 'ਤੇ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਦੀਆਂ ਦੇਖੀਆਂ ਹਨ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਸ਼ੁਰੂਆਤੀ ਤੀਬਰਤਾ 4.8 ਮਾਪੀ ਗਈ ਸੀ ਅਤੇ ਇਸ ਦਾ ਕੇਂਦਰ ਨਿਊਯਾਰਕ ਤੋਂ ਲਗਭਗ 45 ਮੀਲ ਪੱਛਮ ਵਿਚ ਲੇਬਨਾਨ, ਨਿਊ ਜਰਸੀ ਦੇ ਨੇੜੇ ਪਾਇਆ ਗਿਆ ਸੀ।

ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਨੇ ਦਸਿਆ ਕਿ ਸਵੇਰੇ ਕਰੀਬ 10:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਵਿਭਾਗ ਨੂੰ ਇਮਾਰਤਾਂ ਦੇ ਹਿੱਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

ਪੂਰਬੀ ਤੱਟ 'ਤੇ ਮੈਨਹਟਨ, ਬਰੁਕਲਿਨ, ਕੈਲੀਫੋਰਨੀਆ, ਬਾਲਟੀਮੋਰ, ਫਿਲਾਡੇਲਫੀਆ, ਕਨੈਕਟੀਕਟ ਅਤੇ ਹੋਰ ਖੇਤਰਾਂ ਵਿਚ ਨਿਵਾਸੀਆਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਸੂਬੇ ਭਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਹੋਚੁਲ ਨੇ ਕਿਹਾ, "ਮੇਰੀ ਟੀਮ ਭੂਚਾਲ ਦੇ ਪ੍ਰਭਾਵ ਅਤੇ ਇਸ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ ਅਤੇ ਅਸੀਂ ਬਾਅਦ ਵਿਚ ਜਨਤਾ ਨੂੰ ਸੂਚਿਤ ਕਰਾਂਗੇ।"

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਚਰਚਾ ਕਰ ਰਹੀ ਸੀ ਅਤੇ ਕਮਰੇ ਵਿਚ ਬੈਠੇ ਡਿਪਲੋਮੈਟਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਕੁੱਝ ਸਮੇਂ ਲਈ ਵਿਘਨ ਪਿਆ।