ਅਮਰੀਕੀ ਰਾਸ਼ਟਰਪਤੀ ਦੀ ਅਪੀਲ, ਬੰਧਕਾਂ ਬਾਰੇ ਸਮਝੌਤਾ ਕਰਨ ਲਈ ਹਮਾਸ ’ਤੇ ਦਬਾਅ ਬਣਾਉਣ ਮਿਸਰ ਅਤੇ ਕਤਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਦਿਨ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਵੀ ਗਾਜ਼ਾ ’ਚ ਛੇ ਜੰਗ ਨੂੰ ਰੋਕਣ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ ਲਈ ਕਿਹਾ ਸੀ

Joe Biden

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁਕਰਵਾਰ ਨੂੰ ਮਿਸਰ ਅਤੇ ਕਤਰ ਦੇ ਆਗੂਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਹਮਾਸ ’ਤੇ ਇਸ ਗੱਲ ਦਾ ਦਬਾਅ ਬਣਾਉਣ ਲਈ ਕਿਹਾ ਕਿ ਉਹ ਇਜ਼ਰਾਈਲ ਦੇ ਬੰਧਕਾਂ ਬਾਰੇ ਸਮਝੌਤਾ ਕਰਨ। 

ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਬਾਇਡਨ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਕਿਹਾ ਸੀ ਕਿ ਉਹ ਗਾਜ਼ਾ ’ਚ ਛੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਰੋਕਣ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਰਾਸ਼ਟਰਪਤੀ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਕੁੱਝ ਬੰਧਕਾਂ ਦੇ ਪਰਵਾਰ ਦੇ ਮੈਂਬਰਾਂ ਨਾਲ ਸੋਮਵਾਰ ਨੂੰ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਹੁਣ ਵੀ 100 ਲੋਕ ਹਮਾਸ ਦੇ ਕਬਜ਼ੇ ’ਚ ਹਨ।

ਬਾਇਡਨ ਨੇ ਬੰਧਕਾਂ ਬਾਰੇ ਇਸ ਹਫ਼ਤੇ ਦੇ ਅੰਤ ’ਚ ਗੱਲਬਾਤ ਲਈ ਸੀ.ਆਈ.ਏ. ਡਾਇਰੈਕਟਰ ਬਿਲ ਬਰਨਸ ਨੂੰ ਕਾਹਿਰਾ ’ਚ ਤੈਨਾਤ ਕੀਤਾ ਹੈ ਅਤੇ ਇਸ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਹਿ ਅਲ ਸਿਸੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਚਿੱਠੀਆਂ ਲਿਖੀਆਂ ਹਨ। 

ਵਾਇਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਧਕਾਂ ਦੀ ਰਿਹਾਈ ਲਈ ਹੋਰ ਮਨੁੱਖੀ ਮਦਦ ਪਹੁੰਚਾਉਣ ਲਈ ਅਸਥਾਈ ਜੰਗਬੰਦੀ ਹੀ ਇਕੋ-ਇਕ ਰਸਤਾ ਹੈ। ਅਧਿਕਾਰੀ ਨੇ ਦਸਿਆ ਕਿ ਬਾਇਡਨ ਨੇ ਨੇਤਨਯਾਹੂ ਨਾਲ ਅਪਣੀ ਗੱਲਬਾਤ ’ਚ ‘ਸਪੱਸ਼ਟ ਕੀਤਾ ਕਿ ਅਮਰੀਕੀ ਨਾਗਰਿਕਾਂ ਸਮੇਤ ਬੰਧਕਾਂ ਦੀ ਰਿਹਾਈ ਯਕੀਨੀ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।’ ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਸੇ ਸਮਝੌਤੇ ਲਈ ਇਜ਼ਰਾਈਲੀ ਵਾਰਤਾਕਾਰਾਂ ਨੂੰ ਪੂਰੇ ਅਧਿਕਾਰ ਦੇਣ ਦੇ ਮਹੱਤਵ ’ਤੇ ਵੀ ਚਰਚਾ ਕੀਤੀ।