ਬਾਪ ਨੇ ਧੀ ਦੇ ਦਾਖ਼ਲੇ ਲਈ ਖ਼ਰਚੇ 45 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਓ ਨੂੰ ਦੱਸਿਆ ਗਿਆ ਸੀ ਕਿ ਪੈਸਾ ਲੋੜਵੰਦਾਂ ਦੀ ਪੜ੍ਹਾਈ ਲਈ ਖ਼ਰਚ ਹੋਵੇਗਾ ਪਰ ਉਸ ਨਾਲ ਧੋਖਾਧੜੀ ਹੋਈ

Chinese family paid $6.5 million to get daughter into Stanford University

ਬੀਜਿੰਗ : ਸਿਆਣੇ ਕਹਿੰਦੇ ਹਨ ਕਿ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ ਤੇ ਮਾਪੇ ਅਪਣਾ ਆਪਾ ਵੇਚ ਕੇ ਵੀ ਬੱਚਿਆਂ ਨੂੰ ਕੁੱਝ ਨਾ ਕੁੱਝ ਬਣਿਆ ਦੇਖਣਾ ਚਾਹੁੰਦੇ ਹਨ। ਅਜਿਹਾ ਹੀ ਚੀਨ ਵਿਚ ਵਾਪਰਿਆ ਜਿਥੇ ਇਕ ਬਾਪ ਨੇ ਅਪਣੀ ਧੀ ਦੇ ਦਾਖ਼ਲੇ ਲਈ 45 ਕਰੋੜ ਰੁਪਏ ਭਰ ਦਿਤੇ। ਭਾਵੇਂ ਬਾਅਦ 'ਚ ਉਸ ਦੇ ਨਾਲ ਧੋਖਾ ਹੋ ਗਿਆ ਪਰ ਉਸ ਨੇ ਇਕ ਵਾਰ ਦਰਸਾ ਦਿਤਾ ਕਿ ਬਾਪ ਦਾ ਦਿਲ ਬਾਪ ਦਾ ਹੀ ਹੁੰਦਾ ਹੈ।

ਚੀਨੀ ਮੀਡੀਆ ਮੁਤਾਬਕ ਇਥੋਂ ਦੇ ਅਰਬਪਤੀ ਪਰਵਾਰ ਨੇ ਅਪਣੀ ਧੀ ਨੂੰ ਸਟੈਨਫ਼ੋਰਡ ਯੂਨੀਵਰਸਿਟੀ 'ਚ ਦਾਖ਼ਲਾ ਦਿਵਾਉਣ ਲਈ ਸਲਾਹਕਾਰ ਨੂੰ 65 ਲੱਖ ਡਾਲਰ (45 ਕਰੋੜ ਰੁਪਏ) ਦੇ ਦਿਤੇ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਅਰਬਪਤੀ ਝਾ ਤਾਉ ਨੇ ਅਪਣੀ ਧੀ ਯੂਸੀ ਝਾ ਲਈ ਇਹ ਕੀਮਤ ਚੁਕਾਈ ਕਿਉਂਕਿ ਉਸ ਨੂੰ ਦਸਿਆ ਗਿਆ ਸੀ ਕਿ ਇਹ ਪੈਸਾ ਲੋੜਵੰਦਾਂ ਦੀ ਪੜ੍ਹਾਈ ਲਈ ਖ਼ਰਚ ਹੋਵੇਗਾ ਤੇ ਇਹ ਸੰਸਥਾ ਦੀ ਡੋਨੇਸ਼ਨ ਗ਼ਰੀਬ ਬੱਚਿਆਂ ਲਈ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਵਿਚੋਲੇ ਨੇ ਹੀ ਉਸ ਦੇ ਨਾਲ ਧੋਖਾਧੜੀ ਕੀਤੀ ਹੈ।  

ਇਸ ਸਬੰਧੀ ਯੂਸੀ ਝਾਉ ਦੀ ਮਾਂ ਨੇ ਅਪਣੇ ਵਕੀਲ ਰਾਹੀਂ ਦਸਿਆ ਕਿ ਉਹ ਕਾਲਜ ਕੰਸਲਟੈਂਟ ਵਿਲੀਅਮਸ ਰਿਕ ਸਿੰਗਰ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਕਿਤੇ ਇਹ ਯੂਨੀਵਰਸਿਟੀ ਨੂੰ ਦਿਤੀ ਜਾਣ ਵਾਲੀ ਡੋਨੇਸ਼ਨ ਦੇ ਰੂਪ 'ਚ ਅਦਾ ਹੋਣ ਵਾਲੀ ਰਕਮ ਹੈ, ਜੋ ਕਿ ਜ਼ਰੂਰਤਮੰਦ ਬੱਚਿਆਂ ਨੂੰ ਸਕਾਲਰਸ਼ਿਪ ਲਈ ਕੰਮ ਆਵੇਗੀ। ਕਾਲਜ ਕੰਸਲਟੈਂਟ ਸਿੰਗਰ ਅਮਰੀਕਾ ਦੇ ਸੱਭ ਤੋਂ ਵੱਡੇ ਦਾਖ਼ਲਾ ਘਪਲੇ ਦਾ ਮੁੱਖ ਦੋਸ਼ੀ ਹੈ। ਇਸੇ ਸਾਲ ਮਾਰਚ 'ਚ ਇਸ ਪਘਲੇ ਦਾ ਸੱਚ ਸਾਹਮਣੇ ਆਇਆ ਸੀ ਜਿਸ ਵਿਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ ਸਨ।

ਅਮਰੀਕੀ ਵਕੀਲ ਮੁਤਾਬਕ ਚੀਨੀ ਪਰਿਵਾਰ ਨੇ 65 ਲੱਖ ਡਾਲਰ ਦੀ ਰਕਮ ਦਿਤੀ ਸੀ। ਇਹ ਰਕਮ ਇਸ ਦਾਖ਼ਲਾ ਘਪਲੇ ਦੀ ਸੱਭ ਤੋਂ ਵੱਡੀ ਰਕਮ ਹੈ। ਐਫ਼ਬੀਆਈ ਨੇ ਇਕ ਫ਼ਰਜ਼ੀ ਕਾਲਜ ਬਣਾ ਕੇ ਇਨ੍ਹਾਂ ਲੋਕਾਂ ਨੂੰ ਜਾਲ 'ਚ ਫਸਾਇਆ ਸੀ ਤੇ ਇਸ ਸਬੰਧੀ ਕਈ ਭਾਰਤੀ ਏਜੰਟ ਤੇ ਵਿਦਿਆਰਥੀ ਵੀ ਹਿਰਾਸਤ 'ਚ ਲਏ ਗਏ ਸਨ। ਹੁਣ ਐਫ਼ਬੀਆਈ ਨੇ ਚੀਨੀ ਵਿਅਕਤੀ ਨਾਲ ਹੋਈ ਧੋਖਾਧੜੀ ਮਾਮਲੇ 'ਚ 50 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੇਸ਼ੱਕ ਉਸ ਬਾਪ ਨਾਲ ਧੋਖਾਧੜੀ ਹੋ ਗਈ ਪਰ ਉਸ ਨੇ ਅਪਣੀ ਬੇਟੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੋਈ ਕਸਰ ਨਹੀਂ ਛੱਡੀ।