ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਲੈ ਕੇ ਉਡਾਣਾਂ ਭਰਦੀ ਰਹੀ ਇਹ ਏਅਰਲਾਈਨ, ਕਈ ਦੇਸ਼ਾਂ ਵਿਚ ਫੈਲਿਆ ਕੋਰੋਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਦੀ ਇਕ ਏਅਰਲਾਈਨ ਨੇ ਪਾਬੰਦੀ ਦੇ ਬਾਵਜੂਦ ਵੀ ਕਈ ਦੇਸ਼ਾਂ ਵਿਚ ਅਪਣੀਆਂ ਸੇਵਾਵਾਂ ਜਾਰੀ ਰੱਖੀਆਂ।

Photo

ਨਵੀਂ ਦਿੱਲੀ: ਈਰਾਨ ਦੀ ਇਕ ਏਅਰਲਾਈਨ ਨੇ ਪਾਬੰਦੀ ਦੇ ਬਾਵਜੂਦ ਵੀ ਕਈ ਦੇਸ਼ਾਂ ਵਿਚ ਅਪਣੀਆਂ ਸੇਵਾਵਾਂ ਜਾਰੀ ਰੱਖੀਆਂ। ਇਸ ਦੌਰਾਨ ਸੰਕਰਮਿਤ ਮਰੀਜ਼ਾਂ ਨੂੰ ਵੀ ਜਹਾਜ਼ ਵਿਚ ਸਫਰ ਕਰਵਾਇਆ ਗਿਆ। ਬੀਬੀਸੀ ਅਰਬੀ ਦੀ ਇਕ ਰਿਪੋਰਟ ਵਿਚ ਇਸ ਦਾ ਖੁਲਾਸਾ ਹੋਇਆ ਹੈ। 

ਰਿਪੋਰਟ ਮੁਤਾਬਕ ਈਰਾਨ ਨੇ 31 ਜਨਵਰੀ ਨੂੰ ਚੀਨ ਜਾਣ ਜਾਂ ਚੀਨ ਤੋਂ ਵਾਪਸ ਆਉਣ 'ਤੇ ਬੈਨ ਲਗਾ ਦਿੱਤਾ ਸੀ ਪਰ ਇਸਲਾਮਿਕ ਰਿਵਾਲੂਸ਼ਨਰੀ ਗਾਰਡ ਕਾਰਪਸ ਨਾਲ ਜੁੜੀ ਪ੍ਰਾਈਵੇਟ ਏਅਰਲਾਈਨ ਮਹਾਨ ਏਅਰ ਨੇ ਕਈ ਹਫ਼ਤਿਆਂ ਬਾਅਦ ਤੱਕ ਸੇਵਾਵਾਂ ਜਾਰੀ ਰੱਖੀਆਂ। ਇਸ ਦੌਰਾਨ ਮਹਾਨ ਏਅਰ ਦੇ ਜਹਾਜ਼ ਚੀਨ ਅਤੇ ਹੋਰ ਦੇਸ਼ਾਂ ਵਿਚ ਉਡਾਣ ਭਰਦੇ ਰਹੇ।

ਈਰਾਨ ਦੀ ਰਾਜਧਾਨੀ ਤੇਹਰਾਨ ਅਤੇ ਚੀਨ ਦੇ ਹਵਾਈ ਅੱਡੇ ਦੇ ਡਾਟਾ ਵਿਚ ਇਸ ਦੀ ਪੁਸ਼ਟੀ ਹੋਈ ਹੈ ਕਿ ਮਹਾਨ ਏਅਰ ਦੇ ਜਹਾਜ਼ ਮਾਰਚ ਤੱਕ ਉਡਾਣਾਂ ਭਰਦੇ ਰਹੇ। 6 ਫਰਵਰੀ ਨੂੰ ਇਕ ਜਹਾਜ਼ ਵੁਹਾਨ ਤੋਂ 70 ਈਰਾਨੀ ਵਿਦਿਆਰਥੀਆਂ ਨੂੰ ਲੈ ਕੇ ਆਇਆ ਅਤੇ ਫਿਰ ਉਸੇ ਦਿਨ ਜਹਾਜ਼ ਨੇ ਇਰਾਕ ਲਈ ਉਡਾਣ ਭਰੀ।

ਮਹਾਨ ਏਅਰ ਦਾ ਦਾਅਵਾ ਹੈ ਕਿ ਉਸ ਨੇ 6 ਫਰਵਰੀ ਦੀ ਉਡਾਣ ਦੀ ਅਲੋਚਨਾ ਤੋਂ ਬਾਅਦ ਚੀਨ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਪਰ ਅੰਕੜਿਆਂ ਅਨੁਸਾਰ 23 ਫਰਵਰੀ ਤੱਕ ਬੀਜਿੰਗ, ਸ਼ੰਘਾਈ ਅਤੇ ਗੁਆਂਗਝੂ ਅਤੇ ਸ਼ੈਨਜੇਨ ਤੋਂ  55 ਹੋਰ ਉਡਾਣਾਂ ਨੇ ਉਡਾਣ ਭਰੀ।

ਰਿਪੋਰਟ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਈਰਾਕ ਅਤੇ ਲੇਬਨਾਨ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਮਹਾਨ ਏਅਰ ਦੀ ਉਡਾਣ ਵਿਚੋਂ ਹੀ ਸਾਹਮਣੇ ਆਏ। ਏਅਰਲਾਈਨਜ਼ ਦੇ ਕੈਬਿਨ ਕਰੂ ਨੇ ਪੀਪੀਈ ਦੀ ਕਮੀ ਅਤੇ ਜਹਾਜ਼ਾਂ ਵਿਚ ਸੰਕਰਮਣ ਰੋਕਣ ਦੇ ਮੁੱਦੇ ਨੂੰ ਚੁੱਕਿਆ ਸੀ ਪਰ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ।

ਉੱਥੇ ਹੀ ਮਹਾਨ ਏਅਰ ਦਾ ਕਹਿਣਾ ਹੈ ਕਿ ਉਹਨਾਂ ਦੇ ਜਹਾਜ਼ ਮਨੁੱਖੀ ਸਹਾਇਆ ਪਹੁੰਚਾਉਣ ਲਈ ਚੀਨ ਜਾ ਰਹੇ ਸਨ ਅਤੇ ਇਸ ਵਿਚ ਕੋਈ ਯਾਤਨੀ ਉਡਾਣ ਨਹੀਂ ਸੀ। ਪਰ ਰਿਪੋਰਟ ਵਿਚ ਇਹ ਦਾਅਵਾ ਗਲਤ ਸਾਬਿਤ ਹੋ ਰਿਹਾ ਹੈ।