ਸਰਹੱਦ ਤੋਂ ਆਈ ਵੱਡੀ ਖ਼ਬਰ! ਗਲਵਾਨ ਘਾਟੀ ਤੋਂ ਪਿੱਛੇ ਹਟੇ ਚੀਨੀ ਫ਼ੌਜੀ : ਚੀਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੁੱਟੇ ਤੰਬੂ ਅਤੇ ਵਾਹਨ ਘਾਟੀ ਵਿਚੋਂ ਨਿਕਲਦੇ ਦਿਸੇ

Galvan Valley

ਬੀਜਿੰਗ : ਚੀਨ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਮੋਰਚੇ 'ਤੇ ਤੈਨਾਤ ਫ਼ੌਜੀ ਭਾਰਤ ਨਾਲ ਲਗਦੀ ਅਸਲ ਕੰਟਰੋਲ ਰੇਖਾ 'ਤੇ ਗਲਵਾਨ ਘਾਟੀ ਵਿਚ ਪਿੱਛੇ ਹਟਣ ਅਤੇ ਤਣਾਅ ਘਟਾਉਣ ਦੀ ਦਿਸ਼ਾ ਵਿਚ 'ਪ੍ਰਗਤੀ' ਲਈ ਅਸਰਦਾਰ ਕਦਮ ਚੁੱਕ ਰਹੇ ਹਨ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜਾਨ ਦੀ ਟਿਪਣੀ ਤਦ ਆਈ ਜਦ ਨਵੀਂ ਦਿੱਲੀ ਤੋਂ ਸਰਕਾਰੀ ਸੂਤਰਾਂ ਨੇ ਦਸਿਆ ਕਿ ਖੇਤਰ ਤੋਂ ਫ਼ੌਜੀਆਂ ਨੂੰ ਹਟਾਉਣ ਦੇ ਪਹਿਲੇ ਸੰਕੇਤ ਵਜੋਂ ਚੀਨੀ ਫ਼ੌਜ ਗਲਵਾਨ ਘਾਟੀ ਵਿਚ ਕੁੱਝ ਖੇਤਰਾਂ ਤੋਂ ਤੰਬੂ ਹਟਾਉਂਦੀ ਅਤੇ ਪਿੱਛੇ ਜਾਂਦੀ ਹੋਈ ਦਿਸੀ। ਗਲਵਾਨ ਘਾਟੀ ਹੀ ਉਹ ਥਾਂ ਹੈ ਜਿਥੇ 15 ਜੂਨ ਨੂੰ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਝੜਪ ਹੋਈ ਸੀ। ਸੂਤਰਾਂ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਗਸ਼ਤ ਬਿੰਦੂ ਪੁਆਇੰਟ 14 ਤੋਂ ਅਪਣੇ ਤੰਬੂ ਅਤੇ ਢਾਂਚਾ ਹਟਾਉਂਦੀ ਦਿਸੀ।

ਸੂਤਰਾਂ ਨੇ ਦਸਿਆ ਕਿ ਚੀਨੀ ਫ਼ੌਜੀਆਂ ਦੇ ਵਾਹਨ ਗਲਵਾਨ ਵਿਚੋਂ ਬਾਹਰ ਜਾਂਦੇ ਦਿਸੇ। ਝਾਉ ਨੇ ਕਿਹਾ, 'ਅਗਲੇ ਮੋਰਚੇ 'ਤੇ ਤੈਨਾਤ ਫ਼ੌਜੀ ਪਿੱਛੇ ਹਟਣ ਅਤੇ ਤਣਾਅ ਘੱਟ ਕਰਨ ਲਈ ਅਸਰਦਾਰ ਕਦਮ ਚੁੱਕ ਰਹੇ ਹਨ ਅਤੇ ਇਸ ਦਿਸ਼ਾ ਵਿਚ ਪ੍ਰਗਤੀ ਹੋਈ ਹੈ।' ਉਨ੍ਹਾਂ ਕਿਹਾ ਕਿ ਚੀਨੀ ਅਤੇ ਭਾਰਤੀ ਧਿਰ ਨੇ 30 ਜੂਨ ਨੂੰ ਕਮਾਂਡਰ ਪੱਧਰ ਦੀ ਗੱਲਬਾਤ ਕੀਤੀ ਅਤੇ ਦੋਵੇਂ ਧਿਰਾਂ ਗੱਲਬਾਤ ਦੇ ਪਹਿਲੇ ਦੋ ਗੇੜਾਂ ਵਿਚ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ।

ਝਾਉ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਭਾਰਤੀ ਧਿਰ ਚੀਨ ਵਲ ਹੱਥ ਵਧਾਏਗੀ ਅਤੇ ਠੋਸ ਕਾਰਵਾਈ ਜ਼ਰੀਏ ਸਹਿਤੀ ਨੂੰ ਲਾਗੂ ਕਰੇਗੀ ਅਤੇ ਸਰਹੱਦੀ ਖੇਤਰਾਂ ਵਿਚ ਤਣਾਅ ਘੱਟ ਕਰਨ ਲਈ ਫ਼ੌਜੀ ਤੇ ਕੂਟਨੀਤਕ ਢਾਂਚੇ ਰਾਹੀਂ ਕਰੀਬੀ ਸੰਪਰਕ ਜਾਰੀ ਰਹੇਗਾ।'

ਨਵੀਂ ਦਿੱਲੀ ਤੋਂ ਸੂਤਰਾਂ  ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਵਿਚਾਲੇ ਬਣੀ ਸਹਿਮਤੀ ਮੁਤਾਬਕ ਚੀਨੀ ਫ਼ੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।