ਮੌਤ ਦੀਆਂ ਖ਼ਬਰਾਂ ਵਿਚਾਲੇ ਸਾਹਮਣੇ ਆਇਆ ਗੁਰਪਤਵੰਤ ਪੰਨੂ ਦਾ ਵੀਡੀਉ, ਕਾਰ ਹਾਦਸੇ ਦਾ ਕੋਈ ਜ਼ਿਕਰ ਨਹੀਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੀਡੀਉ ਅਸਲ 'ਚ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ

Gurpatwant Pannu

 

ਵਾਸ਼ਿੰਗਟਨ: ਸਿੱਖਜ਼ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਦੀ ਬੀਤੇ ਦਿਨ ਅਮਰੀਕਾ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਵਾਇਰਲ ਹੋਣ ਮਗਰੋਂ ਅੱਜ ਉਸ ਦਾ ਇਕ ਵੀਡੀਉ ਸਾਹਮਣੇ ਆਇਆ ਹੈ। ਇਸ ਵਿਚ ਉਹ ਅਮਰੀਕਾ ਵਿਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਇਸ ਵੀਡੀਉ ਵਿਚ ਪੰਨੂ ਨੇ ਅਪਣੀ ਮੌਤ ਬਾਰੇ ਕੋਈ ਵੀ ਖ਼ਬਰ ਨਹੀਂ ਦਿਤੀ ਹੈ ਅਤੇ ਨਾ ਹੀ ਕਾਰ ਹਾਦਸੇ ਬਾਰੇ ਕੁੱਝ ਕਿਹਾ ਹੈ। ਅਜਿਹੇ 'ਚ ਇਹ ਵੀਡੀਉ ਅਸਲ 'ਚ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

 

ਇਸ ਵੀਡੀਉ ਵਿਚ ਪੰਨੂ ਕਹਿ ਰਿਹਾ ਹੈ, “ਅੱਜ 5 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਸਾਹਮਣੇ ਖੜ੍ਹਾ ਹਾਂ। ਜਿਥੇ ਇਕ ਦਿਨ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਇਥੇ ਅਸੀਂ ਆਪਣੇ ਖ਼ਾਲਿਸਤਾਨ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਕੇਸ ਲਿਆਵਾਂਗੇ। ਸੱਭ ਤੋਂ ਪਹਿਲਾਂ 16 ਜੁਲਾਈ ਨੂੰ ਕੈਨੇਡਾ ਦੇ ਟੋਰਾਂਟੋ ਮੋਲਟਨ ਵਿਚ ਖ਼ਾਲਿਸਤਾਨ ਲਈ ਵੋਟਿੰਗ ਹੋਵੇਗੀ। ਵੈਨਕੂਵਰ 'ਚ 10 ਸਤੰਬਰ ਨੂੰ ਸ਼ਹੀਦ ਨਿੱਝਰ ਦੇ ਨਾਂ 'ਤੇ ਵੋਟਿੰਗ ਹੋਵੇਗੀ।''

ਪੰਨੂ ਨੇ ਹਰਦੀਪ ਨਿੱਝਰ ਦੇ ਕਤਲ ਲਈ ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ ਅਤੇ ਯੂਰਪ ਵਿਚ ਭਾਰਤੀ ਡਿਪਲੋਮੈਟਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪੰਨੂ ਨੇ ਕਿਹਾ ਕਿ ਅਮਰੀਕਾ ਵਿਚ ਕਿਸੇ ਤੋਂ ਕੋਈ ਡਰ ਨਹੀਂ ਹੈ। ਕੋਈ ਵੀ ਜਿਸ ਨੂੰ ਮਿਲਣਾ ਹੈ, ਮੀਟਿੰਗ ਕਰਨੀ ਹੈ, ਜਵਾਬ ਮੰਗਣਾ ਹੈ ਉਹ ਇਥੇ ਆ ਕੇ ਮਿਲ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਟਵਿੱਟਰ ’ਤੇ ਉਸ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਟ੍ਰੈਂਡ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਅਮਰੀਕਾ ਵਿਚ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ

 

 ਦਸਿਆ ਜਾਂਦਾ ਹੈ ਕਿ ਉਹ ਪਿਛਲੇ 60 ਦਿਨਾਂ ਵਿਚ 3 ਗਰਮਖਿਆਲੀਆਂ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਜਵੜ ਦੇ ਮਾਰੇ ਜਾਣ ਤੋਂ ਬਾਅਦ ਅੰਡਰਗਾਉਂਡ ਸੀ। ਗੁਰਪਤਵੰਤ ਪੰਨੂੰ ਪਾਬੰਦੀਸ਼ੁਦਾ ਸੰਗਠਨ ਸਿੱਖਜ਼ ਫ਼ਾਰ ਜਸਟਿਸ ਦੇ ਬੈਨਰ ਹੇਠ ਅਮਰੀਕਾ ਤੋਂ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਚਲਾ ਰਿਹਾ ਸੀ। ਗੁਰਪਤਵੰਤ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੋਵੇਂ ਇਕੱਠੇ ਕੰਮ ਕਰਦੇ ਸਨ। ਪੰਨੂ ਨੇ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਖ਼ਾਲਿਸਤਾਨ ਦੇ ਸਬੰਧ ਵਿਚ ਰਾਇਸ਼ੁਮਾਰੀ ਵੀ ਕਰਵਾਈ ਹੈ। ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਚਲਾਉਂਦਾ ਸੀ। ਪੰਨੂ ਅਤੇ ਨਿੱਝਰ ਨੇ 2019 ਵਿਚ ਹੱਥ ਮਿਲਾਇਆ ਅਤੇ ਅਪਣੇ ਖ਼ਾਲਿਸਤਾਨੀ ਏਜੰਡੇ ’ਤੇ ਪ੍ਰਚਾਰ ਕਰ ਰਹੇ ਸਨ।