ਐਮਾਜ਼ੋਨ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਜੁਲਾਈ ਵਿਚ 28 ਫੀਸਦੀ ਵਧੀਆਂ
ਬ੍ਰਾਜ਼ੀਲ ਦੇ ਐਮਾਜ਼ੋਨ ਜੰਗਲਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੁਲਾਈ ਵਿਚ ਅੱਗ ਲੱਗਣ ਦੀਆਂ ਘਟਨਾਵਾਂ 28 ਫੀਸਦੀ ਤੱਕ ਵਧ ਗਈਆਂ ਹਨ।
ਨਵੀਂ ਦਿੱਲੀ: ਬ੍ਰਾਜ਼ੀਲ ਦੇ ਐਮਾਜ਼ੋਨ ਜੰਗਲਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੁਲਾਈ ਵਿਚ ਅੱਗ ਲੱਗਣ ਦੀਆਂ ਘਟਨਾਵਾਂ 28 ਫੀਸਦੀ ਤੱਕ ਵਧ ਗਈਆਂ ਹਨ। ਨਿਊਜ਼ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬ੍ਰਾਜ਼ੀਲ ਦੇ ਨੈਸ਼ਨਲ ਸਪੇਸ ਰਿਸਰਚ ਇੰਸਟੀਚਿਊਟ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਐਮਾਜ਼ੋਨ ਜੰਗਲਾਂ ਵਿਚ ਅੱਗ ਲੱਗਣ ਦੀਆਂ 6808 ਘਟਨਾਵਾਂ ਦਰਜ ਕੀਤੀਆਂ ਸਨ, ਜਦਕਿ ਸਾਲ 2019 ਵਿਚ ਇਸੇ ਮਹੀਨੇ 5,318 ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।
ਵਾਤਾਵਰਣ ਪ੍ਰੇਮੀ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਰਹੇ ਹਨ ਕਿਉਂਕਿ ਖੇਤਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਅਗਸਤ ਮਹੀਨੇ ਤੋਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਨੂੰ ਡਰ ਹੈ ਕਿ ਬ੍ਰਾਜ਼ੀਲ ਵਿਚ ਇਹ ਘਟਨਾਵਾਂ ਪਿਛਲੇ ਅਗਸਤ ਦੀ ਤਰ੍ਹਾਂ ਨਾ ਹੋਣ, ਉਸ ਸਮੇਂ ਸੰਸਥਾ ਨੇ ਅੱਗ ਲੱਗਣ ਦੀਆਂ 30,900 ਘਟਨਾਵਾਂ ਦਰਜ ਕੀਤੀਆਂ ਸੀ।
ਅੱਗ ਲੱਗਣ ਦੀਆਂ ਘਟਨਾਵਾਂ ਵਿਚ ਇਹ ਵਾਧਾ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬ੍ਰਾਜ਼ੀਲ ਦੇ ਐਮਾਜ਼ਾਨ ਵਿਚ ਜ਼ਮੀਨ ਖਾਲੀ ਕਰਨ ਦੀ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਦੀ ਅਪੀਲ ਨੂੰ ਲੈ ਕੇ ਵਧ ਰਹੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਚਿੰਤਾਵਾਂ ਦੇ ਵਿਚਕਾਰ ਹੋ ਰਿਹਾ ਹੈ। ਇਹਨਾਂ ਚਿੰਤਾਵਾਂ ਨੂੰ ਦੇਖਦੇ ਹੋਏ 16 ਜੁਲਾਈ ਨੂੰ ਸਰਕਾਰ ਨੇ ਜੰਗਲਾਂ ਵਿਚ ਅੱਗ ਲਗਾਉਣ ‘ਤੇ ਚਾਰ ਮਹੀਨੇ ਦੀ ਪਾਬੰਦੀ ਲਗਾ ਦਿੱਤੀ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਸਰਕਾਰ ਦੀ ਪ੍ਰਤੀਕਿਰਿਆ ਪ੍ਰਭਾਵਸ਼ਾਲੀ ਨਹੀਂ ਹੈ। ਇਹ ਘਟਨਾਵਾਂ ਇਸ ਗੱਲ ਵੱਲ ਵੀ ਇਸ਼ਾਰਾ ਕਰਦੀਆਂ ਹਨ ਕਿ ਇਸ ਸਾਲ ਦੇ ਖੁਸ਼ਕ ਮੌਸਮ ਵਿਚ ਅੱਗ ਲੱਗਣ ਦੀ ਸੰਭਾਵਨਾ ਪਿਛਲੇ ਸਾਲ ਦੇ ਮੁਕਾਬਲੇ ਹੋਰ ਜ਼ਿਆਦਾ ਹੋਵੇਗੀ।