ਲੰਡਨ: ਤੁਸੀਂ ਫ਼ੌਜ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈਸ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਫ਼ੌਜੀਆਂ ਨੂੰ ਕੀਰਤਨ ਕਰਦੇ ਹੋਏ ਦੇਖਿਐ? ਜੇਕਰ ਨਹੀਂ ਤਾਂ ਆਓ ਤੁਹਾਨੂੰ ਦਿਖਾਓਨੇ ਆਂ ਇੰਗਲੈਂਡ ਦੀ ਫ਼ੌਜ ਦਾ ਇਹ ਨਜ਼ਾਰਾ ਜੋ ਦੁਨੀਆਂ ਭਰ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਰਸਾਉਂਦਾ ਏ।
ਇਹ ਯੂਨਾਇਟਡ ਕਿੰਗਡਮ ਦੀ ਫ਼ੌਜ ਦਾ ਸਿੱਖ ਰੱਖਿਆ ਕੀਰਤਨ ਜਥਾ ਹੈ, ਜਿਸ ਵਿਚ ਸਿੰਘ ਅਤੇ ਕੌਰ ਅਪਣੇ ਫ਼ੌਜੀ ਕਰਤੱਬਾਂ ਦੇ ਨਾਲ-ਨਾਲ ਸਿੱਖੀ ਪ੍ਰਤੀ ਵੀ ਪੂਰੀ ਤਰ੍ਹਾਂ ਪ੍ਰਤੀਬੱਧ ਨੇ। ਇਹ ਸਿੱਖ ਰੱਖਿਆ ਜਥਾ ਅਪਣੀ ਫ਼ੌਜੀ ਡਿਊਟੀ ਦੇ ਨਾਲ-ਨਾਲ ਫ਼ੌਜੀਆਂ ਨੂੰ ਗੁਰਬਾਣੀ ਕੀਰਤਨ ਨਾਲ ਵੀ ਨਿਹਾਲ ਕਰਦਾ ਏ।
ਇਨ੍ਹਾਂ ਸਿੱਖ ਫ਼ੌਜੀਆਂ ਦਾ ਕਹਿਣੈ ਕਿ ਯੂਨਾਇਟਡ ਸਟੇਟਸ ਮਿਲਟਰੀ ਯੂਨਾਇਟਡ ਕਿੰਗਡਮ ਮਿਲਟਰੀ ਤੋਂ ਕਾਫ਼ੀ ਕੁੱਝ ਸਿੱਖਦੀ ਐ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਐ ਕਿ ਸੰਯੁਕਤ ਰਾਜ ਅਮਰੀਕਾ ਦੀ ਫ਼ੌਜ ਤੁਰੰਤ ਅਮਰੀਕੀ ਸਿੱਖ ਫ਼ੌਜੀਆਂ ਨੂੰ ਅਪਣੇ ਧਾਰਮਿਕ ਰੀਤੀ ਰਿਵਾਜ਼ਾਂ ਦੀ ਮਨਜ਼ੂਰੀ ਅਤੇ ਸਿੱਖਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਅਪਣੀ ਪਛਾਣ ਬਣਾਏ ਰੱਖਣ ਦੀ ਇਜਾਜ਼ਤ ਦੇਵੇਗੀ।
ਡਿਫੈਂਸ ਕੀਰਤਨ ਜਥਾ ਯੂਕੇ ਦੇ ਇਨ੍ਹਾਂ ਸਿੱਖ ਫ਼ੌਜੀਆਂ ਨੇ ਕਿਹਾ ਕਿ ਸਾਡਾ ਡਿਫੈਂਸ ਕੀਰਤਨ ਜਥਾ ਹੈ ਜੋ ਸਿੱਖ ਨੈੱਟਵਰਕ ਦਾ ਹਿੱਸਾ ਹੈ। ਅਸੀਂ ਸਾਰੇ ਯੂਕੇ ਡਿਫੈਂਸ ਦਾ ਹਿੱਸਾ ਹਾਂ। ਕੀਰਤਨ ਸਾਡੀ ਭਾਵਨਾ ਹੈ ਜੋ ਸਿੱਖ ਧਰਮ ਦਾ ਸੰਗੀਤ ਹੈ।
ਅਸੀਂ ਰੱਖਿਆ ਖੇਤਰ ਵਿਚ ਸਿੱਖਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ, ਕੀਰਤਨ ਸਿੱਖਦੇ ਹਾਂ ਅਤੇ ਸਰਗਰਮ ਰੂਪ ਨਾਲ ਪ੍ਰਦਰਸ਼ਨ ਕਰਦੇ ਹਾਂ। ਅਸੀਂ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੀਆਂ ਖਾਈਆਂ ਵਿਚ ਸਿੱਖਾਂ ਦੇ ਕੀਰਤਨ ਕਰਨ ਦੀ ਛਵ੍ਹੀਂ ਤੋਂ ਪ੍ਰਭਾਵਿਤ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਉਸ ਵਿਰਾਸਤ ਅਤੇ ਪ੍ਰੰਪਰਾ ਨੂੰ ਵਰਤਮਾਨ ਸਮੇਂ ਵਿਚ ਅੱਗੇ ਲਿਜਾ ਸਕਦੇ ਹਾਂ।
ਦੱਸ ਦਈਏ ਕਿ ਬ੍ਰਿਟਿਸ਼ ਫ਼ੌਜ ਵਿਚ ਬਹੁਤ ਸਾਰੇ ਸਿੱਖ ਅਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਉਨ੍ਹਾਂ ਨੂੰ ਉਥੇ ਅਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਐ।