ਐਸ ਜੈਸ਼ੰਕਰ ਨੇ ਟੋਕਿਓ ਵਿਖੇ ਮਾਇਕ ਪੋਮਪਿਓ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਬੋਲੇ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰੇਗਾ ਭਾਰਤ

S Jaishankar Meet US Secretary Of State Mike Pompeo

ਟੋਕਿਓ: ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, 'ਇੰਨੇ ਜ਼ਿਆਦਾ ਖੇਤਰਾਂ ਵਿਚ ਸਾਡੀ ਸਾਂਝੇਦਾਰੀ ਦੇ ਵਿਕਾਸ ਨੂੰ ਦੇਖ ਕੇ ਖੁਸ਼ੀ ਹੋਈ। ਭਾਰਤ-ਪ੍ਰਸ਼ਾਂਤ ਖੇਤਰ ਵਿਚ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰੇਗਾ'।

ਇਸ ਸਬੰਧੀ ਐਸ ਜੈਸ਼ੰਕਰ ਨੇ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ। ਕਵਾਡ ਦੀ ਦੂਜੀ ਮੰਤਰੀ ਮੰਡਲ ਦੀ ਬੈਠਕ ਵਿਚ ਹਿੱਸਾ ਲੈਣ ਲਈ ਪੋਮਪਿਓ ਅਤੇ ਐਸ ਜੈਸ਼ੰਕਰ ਟੋਕਿਓ ਪਹੁੰਚੇ ਹਨ। ਦੱਸ ਦਈਏ ਕਿ ਕਵਾਡ ਚਾਰ ਦੇਸ਼ਾਂ ਦਾ ਇਕ ਸਮੂਹ ਹੈ, ਜਿਸ ਵਿਚ ਅਮਰੀਕਾ ਅਤੇ ਭਾਰਤ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਪਾਨ ਵੀ ਸ਼ਾਮਲ ਹਨ।

ਖ਼ਬਰਾਂ ਮੁਤਾਬਕ ਐਸ ਜੈਸ਼ੰਕਰ ਅਤੇ ਪੋਮਪਿਓ ਨੇ ਭਾਰਤ ਦੇ ਆਲੇ ਦੁਆਲੇ ਦੇ ਸੁਰੱਖਿਆ ਦ੍ਰਿਸ਼ ਨੂੰ ਵਿਕਸਤ ਕਰਨ ਸਮੇਤ ਕਈ ਸਬੰਧਾਂ 'ਤੇ ਚਰਚਾ ਕੀਤੀ। ਅਪਣੀ ਦੋ ਦਿਨ ਦੀ ਟੋਕਿਓ ਯਾਤਰਾ ਦੌਰਾਨ ਐਸ ਜੈਸ਼ੰਕਰ ਜਪਾਨੀ ਵਿਦੇਸ਼ ਮੰਤਰੀ ਤੇਸ਼ਿਮਿਤਸੂ ਮੋਤੇਗੀ ਅਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੈਰਿਸੇ ਪਾਇਨੇ ਨਾਲ ਵੀ ਮੁਲਾਕਾਤ ਕਰਨਗੇ।

ਭਾਰਤ, ਜਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦੇ ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਦੁਵੱਲੇ ਸਹਿਯੋਗ ਵਧਾ ਰਿਹਾ ਹੈ, ਜਿਸ ਨੂੰ ਕਈ ਦੇਸ਼ਾਂ ਵੱਲੋਂ ਖੇਤਰ ਵਿਚ ਚੀਨ ਦੇ ਵਧਦੇ ਦਬਦਬੇ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ-ਚੀਨ ਸਰਹੱਦ 'ਤੇ ਜਾਰੀ ਤਣਾਅ ਦੇ ਚਲਦਿਆਂ ਇਹ ਦੋਵੇਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਕਵਾਡ ਦੀ ਪਹਿਲੀ ਮੰਤਰੀ ਮੰਡਲ ਦੀ ਬੈਠਕ 2019 ਵਿਚ ਨਿਊਯਾਰਕ 'ਚ ਹੋਈ ਸੀ।