ਕੋਰੋਨਾ ਵੈਕਸੀਨ ਬਣਾਉਣ ਵਾਲੀ ਵਿਗਿਆਨੀ ਦਾ ਦਾਅਵਾ- ਹੋਰ ਵੀ ਘਾਤਕ ਹੋ ਸਕਦੀ ਹੈ ਆਉਣ ਵਾਲੀ ਮਹਾਂਮਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰੋਫੈਸਰ ਡੇਮ ਸਾਰਾਹ ਗਿਲਬਰਟ ਨੇ 44ਵੇਂ ਰਿਚਰਡ ਡਿਮਬਲਬੀ ਲੈਕਚਰ ਵਿਚ ਕਿਹਾ ਕਿ ਮਹਾਂਮਾਰੀ ਦੀ ਤਿਆਰੀ ਲਈ ਵਧੇਰੇ ਫੰਡ ਦੀ ਲੋੜ ਹੈ।

Professor Dame Sarah Gilbert

ਨਵੀਂ ਦਿੱਲੀ:  ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਨਿਰਮਾਤਾ ਪ੍ਰੋਫੈਸਰ ਨੇ ਕਿਹਾ ਹੈ ਕਿ ਭਵਿੱਖ ਵਿਚ ਮਹਾਂਮਾਰੀਆਂ ਮੌਜੂਦਾ ਕੋਰੋਨਾ ਸੰਕਟ ਨਾਲੋਂ ਜ਼ਿਆਦਾ ਘਾਤਕ ਅਤੇ ਜਾਨਲੇਵਾ ਹੋਣਗੀਆਂ। ਪ੍ਰੋਫੈਸਰ ਡੇਮ ਸਾਰਾਹ ਗਿਲਬਰਟ ਨੇ 44ਵੇਂ ਰਿਚਰਡ ਡਿਮਬਲਬੀ ਲੈਕਚਰ ਵਿਚ ਕਿਹਾ ਕਿ ਮਹਾਂਮਾਰੀ ਦੀ ਤਿਆਰੀ ਲਈ ਵਧੇਰੇ ਫੰਡ ਦੀ ਲੋੜ ਹੈ ਤਾਂ ਜੋ ਉਹਨਾਂ ਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ।

ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ 'ਤੇ ਵੈਕਸੀਨ ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਗਿਲਬਰਟ ਨੇ ਕਿਹਾ ਕਿ ਜਦੋਂ ਤੱਕ ਇਸ ਨਵੇਂ ਵੇਰੀਐਂਟ ਬਾਰੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਉਂਦੀ, ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਇਸ ਲੈਕਚਰ ਵਿਚ ਉਹਨਾਂ ਕਿਹਾ, “ਇਹ ਆਖਰੀ ਵਾਰ ਨਹੀਂ ਹੈ ਜਦੋਂ ਕਿਸੇ ਵਾਇਰਸ ਨੇ ਸਾਡੀਆਂ ਜ਼ਿੰਦਗੀਆਂ ਅਤੇ ਸਾਡੀ ਰੋਜ਼ੀ-ਰੋਟੀ ਲਈ ਖਤਰਾ ਪੈਦਾ ਕੀਤਾ ਹੋਵੇ। ਸੱਚਾਈ ਇਹ ਹੈ ਕਿ ਅਗਲੀ ਮਹਾਂਮਾਰੀ ਹੋਰ ਵੀ ਭਿਆਨਕ ਹੋ ਸਕਦੀ ਹੈ। ਇਹ ਵਧੇਰੇ ਛੂਤਕਾਰੀ ਅਤੇ ਵਧੇਰੇ ਘਾਤਕ ਹੋ ਸਕਦੀ ਹੈ।

ਉਹਨਾਂ ਕਿਹਾ, "ਹੋ ਸਕਦਾ ਹੈ ਕਿ ਅਸੀਂ ਦੁਬਾਰਾ ਅਜਿਹੀ ਸਥਿਤੀ ਵਿਚ ਨਾ ਹੋਈਏ, ਜਿੱਥੇ ਅਸੀਂ ਉਹ ਸਭ ਕੁਝ ਦੇਖ ਸਕੀਏ ਜੋ ਅਸੀਂ ਇਸ ਵਾਰ ਦੇਖਿਆ ਹੈ ਪਰ ਕੋਰੋਨਾ ਕਾਰਨ ਹੋਏ ਭਾਰੀ ਆਰਥਿਕ ਨੁਕਸਾਨ ਕਾਰਨ ਸਾਡੇ ਕੋਲ ਮਹਾਂਮਾਰੀ ਦੀ ਤਿਆਰੀ ਲਈ ਫੰਡ ਨਹੀਂ ਹਨ। ਅਸੀਂ ਇਸ ਤੋਂ ਕੀ ਸਿੱਖਿਆ ਹੈ ਅਤੇ ਸਾਡੇ ਅਨੁਭਵ ਕੀ ਰਿਹਾ ਹੈ, ਉਹ ਵਿਅਰਥ ਨਹੀਂ ਜਾਣਾ ਚਾਹੀਦਾ। "

ਓਮੀਕਰੋਨ ਵੇਰੀਐਂਟ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਦੇ ਸਪਾਈਕ ਪ੍ਰੋਟੀਨ ਵਿਚ ਇਕ ਮਿਊਟੇਸ਼ਨ ਹੈ ਜੋ ਵਾਇਰਸ ਦੀ ਲਾਗ ਨੂੰ ਵਧਾਉਣ ਦਾ ਕੰਮ ਕਰਦਾ ਹੈ। ਉਹਨਾਂ ਕਿਹਾ, "ਇਹ ਰੂਪ ਥੋੜਾ ਵੱਖਰਾ ਹੈ, ਜਿਸ ਨਾਲ ਹੋ ਸਕਦਾ ਹੈ ਕਿ ਵੈਕਸੀਨ ਨਾਲ ਬਣਨ ਵਾਲੇ ਐਂਟੀਬਾਡੀ ਓਮੀਕਰੋਨ ਨਾਲ ਲਾਗ ਨੂੰ ਰੋਕਣ ਵਿਚ ਘੱਟ ਪ੍ਰਭਾਵਸ਼ਾਲੀ ਹੋਣ।" ਉਹਨਾਂ ਕਿਹਾ, “ਜਦੋਂ ਤੱਕ ਅਸੀਂ ਇਸ ਨਵੇਂ ਸਟਰੇਨ ਬਾਰੇ ਹੋਰ ਨਹੀਂ ਜਾਣ ਲੈਂਦੇ, ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਫੈਲਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਵੈਕਸੀਨ ਦੇ ਪ੍ਰਭਾਵ ਦੇ ਘੱਟ ਹੋਣ ਦੀ ਸੰਭਾਵਨਾ ਦਾ ਮਤਲਬ ਇਹ ਨਹੀਂ ਹੈ ਕਿ ਲਾਗ ਬੇਹੱਦ ਗੰਭੀਰ ਜਾਂ ਮੌਤ ਦਾ ਕਾਰਨ ਬਣ ਸਕਦੀ ਹੈ।  ਗਿਲਬਰਟ ਨੇ ਮਹਾਂਮਾਰੀ ਦੌਰਾਨ ਟੀਕਿਆਂ ਦੇ ਨਿਰਮਾਣ ਅਤੇ ਦਵਾਈਆਂ ਦੀ ਸਪਲਾਈ ਵਿਚ ਤੇਜ਼ੀ ਨੂੰ ਹੋਰ ਬਿਮਾਰੀਆਂ ਲਈ ਵੀ ਲਾਗੂ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਹੋਰ ਬਿਮਾਰੀਆਂ ਜਿਵੇਂ ਇਨਫਲੂਐਂਜ਼ਾ ਲਈ ਵੀ ਇਕ ਯੂਨੀਵਰਸਲ ਵੈਕਸੀਨ ਬਣਾਈ ਜਾਣੀ ਚਾਹੀਦੀ ਹੈ।