ਸਾਊਦੀ ਤੋਂ ਭੱਜੀ ਕੁੜੀ ਦੀ ਅਪੀਲ - ਵਾਪਸ ਨਾ ਭੇਜੋ, ਪਰਵਾਰ ਮੇਰਾ ਕਤਲ ਕਰ ਦੇਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਥਾਈਲੈਂਡ 'ਚ ਦਾਖਲ ਹੋਣ ਤੋਂ ਰੋਕ ਦਿਤੀ ਗਈ 18 ਸਾਲਾਂ ਇਕ ਸਊਦੀ ਲੜਕੀ ਨੇ ਬੈਂਕਾਕ ਹਵਾਈ ਅੱਡੇ 'ਤੇ ਕਿਹਾ ਹੈ ਕਿ ਜੇਕਰ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦਿੰਦੇ ਹਨ...

Rahaf Mohammed al-Qunun

ਬੈਂਕਾਕ : ਥਾਈਲੈਂਡ 'ਚ ਦਾਖਲ ਹੋਣ ਤੋਂ ਰੋਕ ਦਿਤੀ ਗਈ 18 ਸਾਲਾਂ ਇਕ ਸਊਦੀ ਲੜਕੀ ਨੇ ਬੈਂਕਾਕ ਹਵਾਈ ਅੱਡੇ 'ਤੇ ਕਿਹਾ ਹੈ ਕਿ ਜੇਕਰ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦਿੰਦੇ ਹਨ ਤਾਂ ਉਸ ਦੀ ਹੱਤਿਆ ਕਰ ਦਿਤੀ ਜਾਵੇਗੀ। ਰਹਾਫ ਮੋਹੰਮਦ ਏਮ ਅਲਕੁਨੂਨ ਨੇ ਕਿਹਾ ਕਿ ਜਦੋਂ ਉਹ (ਬੈਂਕਾਕ ਦੇ) ਸਵਰਨਭੂਮੀ ਹਵਾਈ ਅੱਡੇ 'ਤੇ ਪਹੁੰਚੀ ਤੱਦ ਉਸ ਨੂੰ ਸਊਦੀ ਅਤੇ ਕੁਵੈਤੀ ਅਧਿਕਾਰੀਆਂ ਨੇ ਰੋਕ ਲਿਆ ਅਤੇ ਉਨ੍ਹਾਂ ਨੇ ਉਸ ਦੀ ਯਾਤਰਾ ਦੇ ਕਾਗਜ਼ਾਤ ਜਬਰਨ ਲੈ ਲਏ। ਰਹਾਫ ਦੇ ਦਾਅਵੇ ਦਾ ਹਿਊਮਨ ਰਾਈਟਸ ਵਾਚ ਨੇ ਸਮਰਥਨ ਕੀਤਾ ਹੈ।

ਰਹਾਫ ਨੇ ਕਿਹਾ ਕਿ ਉਨ੍ਹਾਂ ਨੇ ਮੇਰਾ ਪਾਸਪੋਰਟ ਲੈ ਲਿਆ। ਉਸ ਨੇ ਦੱਸਿਆ ਕਿ ਉਸ ਦੇ ਪੁਰਸ਼ ਗਾਰਡੀਅਨ ਨੇ ਬਿਨਾਂ ਉਸ ਦੀ ਮਨਜ਼ੂਰੀ ਦੇ ਯਾਤਰਾ ਕਰਨ ਦੀ ਰਿਪੋਰਟ ਕੀਤੀ ਸੀ। ਮਹਿਲਾ ਦਾ ਕਹਿਣਾ ਹੈ ਕਿ ਉਹ ਅਪਣੇ ਪਰਵਾਰ ਤੋਂ ਇਸ ਲਈ ਦੂਰ ਭੱਜ ਜਾਣਾ ਚਾਹੁੰਦੀ ਹੈ,  ਕਿਉਂਕਿ ਉਸ ਨੂੰ ਸਰੀਰਕ ਅਤੇ ਮਾਨਸਿਕ ਦਰਦ ਦਿਤਾ ਜਾ ਰਿਹਾ ਸੀ। ਰਹਾਫ ਨੇ ਕਿਹਾ ਕਿ ਮੇਰਾ ਪਰਵਾਰ ਸਖ਼ਤ ਹੈ ਅਤੇ ਉਨ‍ਨਾਂ ਨੇ ਮੇਰੇ ਵਾਲ ਕੱਟਣ 'ਤੇ 6 ਮਹੀਨੇ ਲਈ ਇਕ ਕਮਰੇ ਵਿਚ ਬੰਦ ਕਰ ਦਿਤਾ ਸੀ। ਜੇਕਰ ਮੈਨੂੰ ਵਾਪਸ ਭੇਜਿਆ ਗਿਆ ਤਾਂ ਪੱਕਾ ਹੀ ਮੈਨੂੰ ਕੈਦ ਕਰ ਲਿਆ ਜਾਵੇਗਾ।

ਮੈਨੂੰ ਸੌ ਫ਼ੀ ਸਦੀ ਯਕੀਨ ਹੈ ਕਿ ਸਊਦੀ ਜੇਲ੍ਹ ਤੋਂ ਨਿਕਲਦੇ ਹੀ ਉਹ ਮੈਨੂੰ ਮਾਰ ਦਿਤਾ ਜਾਵੇਗਾ। ਰਹਾਫ ਨੇ ਕਿਹਾ ਕਿ ਉਹ ਡਰੀ ਹੋਈ ਹੈ ਅਤੇ ਉਸ ਦੀ ਉਮੀਦ ਖਤਮ ਹੋ ਗਈ ਹੈ। ਥਾਈਲੈਂਡ ਦੇ ਮੁੱਖ ਇਮੀਗ੍ਰੇਸ਼ਨ ਅਫ਼ਸਰ ਸੁਰਚਾਟੇ ਹਾਕਪਾਰਨ ਨੇ ਕਿਹਾ ਕਿ ਰਹਾਫ ਜਦੋਂ ਐਤਵਾਰ ਨੂੰ ਕੁਵੈਤ ਤੋਂ ਇੱਥੇ ਪਹੁੰਚੀ ਤਾਂ ਉਸ ਨੂੰ ਰੋਕ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਕੋਲ ਵਾਪਸੀ ਟਿਕਟ, ਦਸਤਾਵੇਜ਼ ਜਾਂ ਪੈਸੇ ਨਹੀਂ ਸਨ। ਉਹ ਹਵਾਈ ਅੱਡੇ ਉਤੇ ਇਕ ਹੋਟਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਤੋਂ ਬਚਨ ਲਈ ਅਪਣੇ ਪਰਵਾਰ ਤੋਂ ਦੂਰ ਭੱਜੀ।

ਉਸ ਨੂੰ ਸਊਦੀ ਅਰਬ ਪਰਤਣ 'ਤੇ ਮੁਸ਼ਕਲਾਂ ਵਿਚ ਫਸ ਜਾਣ ਦਾ ਡਰ ਹੈ। ਅਸੀਂ ਉਸ ਦੀ ਦੇਖਭਾਲ ਲਈ ਅਧਿਕਾਰੀ ਭੇਜੇ ਹਨ। ਉਨ੍ਹਾਂ ਨੇ ਕਿਹਾ ਕਿ ਥਾਈ ਪ੍ਰਸ਼ਾਸਨ ਨੇ ਤਾਲਮੇਲ ਲਈ ਸਊਦੀ ਅਰਬ ਦੂਤਾਵਾਸ ਨਾਲ ਸੰਪਰਕ ਕੀਤਾ ਹੈ ਪਰ ਰਹਾਫ ਨੇ ਉਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਆਸਟਰੇਲੀਆ ਵਿਚ ਸ਼ਰਨ ਲੈਣ ਲਈ ਜਾ ਰਹੀ ਸੀ ਪਰ ਉਸ ਨੂੰ ਸਵਰਨਭੂਮੀ ਹਵਾਈ ਅੱਡੇ 'ਤੇ ਉਤਰਣ 'ਤੇ ਸਊਦੀ ਅਤੇ ਕੁਵੈਤੀ ਦੂਤਾਵਾਸਾਂ ਦੇ ਨੁਮਾਂਇੰਦਿਆਂ ਨੇ ਰੋਕ ਲਿਆ।