ਪਾਕਿਸਤਾਨ ਵਿਚ ਸੱਤਾਧਾਰੀ ਧਿਰ ਦੇ ਆਗੂ ਵੱਲ ਭੀੜ ਵੱਲੋਂ ਜੁੱਤੀ ਸੁੱਟਣ ਦੀ ਵੀਡੀਉ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

2008 ਤੋਂ ਬਾਅਦ ਦੁਨੀਆਂ ਭਰ ਅੰਦਰ ਵਾਪਰ ਚੁੱਕੀਆਂ ਹਨ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ

Throw the shoe

ਇਸਲਾਮਾਬਾਦ : ਇਰਾਕ ਦੇ ਸ਼ਹਿਰ ਬਗਦਾਦ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵੱਲ ਜੁੱਤੀ ਸੁਟਣ ਦੀ ਘਟਨਾ ਨੂੰ ਭਾਵੇਂ ਕਾਫੀ ਅਰਸਾ ਬੀਤ ਚੁੱਕਾ ਹੈ, ਪਰ ਉਸ ਤੋਂ ਬਾਅਦ ਜੁੱਤੀ ਸੁੱਟਣ ਦੀ ਸ਼ੁਰੂ ਹੋਈ ਲੜੀ ਅੱਜ ਤਕ ਜਾਰੀ ਹੈ। ਹੁਣ ਤਾਜ਼ਾ ਮਾਮਲਾ ਪਾਕਿਸਤਾਨ ਵਿਚ ਸਾਹਮਣੇ ਆਇਆ ਹੈ, ਜਿੱਥੇ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (PML-N) ਦੇ ਨੇਤਾ ਅਹਿਸਾਨ ਇਕਬਾਲ 'ਤੇ ਭੀੜ ਵਿਚੋਂ ਬੂਟ ਮਾਰੇ ਜਾਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਪਾਕਿਸਤਾਨ ਦੇ ਸੰਸਦ ਦੇ ਬਾਹਰ ਦੀ ਹੈ।

ਰਿਪੋਰਟਾਂ ਮੁਤਾਬਕ ਨੈਸ਼ਨਲ ਅਸੈਂਬਲੀ ਦੇ ਬਾਹਰ ਪੀ.ਐੱਮ.ਐੱਲ-ਐੱਨ ਦੇ ਨੇਤਾ ਅਤੇ ਇਮਰਾਨ ਖਾਨ ਦੀ ਪਾਰਟੀ (ਪੀ.ਟੀ.ਆਈ.) ਦੇ ਕਾਰਕੁਨ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਅਹਿਸਾਨ ਇਕਬਾਲ 'ਤੇ ਬੂਟ ਨਾਲ ਹਮਲਾ ਕੀਤਾ ਗਿਆ ਭਾਵੇਂਕਿ ਉਨ੍ਹਾਂ ਨੂੰ ਸੱਟ ਨਹੀਂ ਲੱਗੀ ਪਰ ਵੀਡੀਉ ਵਿਚ ਜੁੱਤਾ ਉਨ੍ਹਾਂ ਦੇ ਲੱਗਣ ਬਾਅਦ ਥੱਲੇ ਡਿੱਗਦਾ ਵਿਖਾਈ ਦਿੰਦਾ ਹੈ।

ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ, ਪੀ.ਐੱਮ.ਐੱਲ-ਐੱਨ. ਦੇ ਨੇਤਾ ਮੀਡੀਆ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਪੀ.ਟੀ.ਆਈ. ਦੇ ਕਾਰਕੁਨਂ ਨੇ ਉਨ੍ਹਾਂ ਨੂੰ ਘੇਰ ਲਿਆ। ਨਾਅਰੇਬਾਜ਼ੀ ਕਰਦਿਆਂ ਨੇਤਾਵਾਂ ਦਰਮਿਆਨ ਹੱਥੋਪਾਈ ਦੀ ਨੌਬਤ ਆ ਗਈ। ਅਹਿਸਾਨ ਇਕਬਾਲ ਇਕ ਬੈਂਚ 'ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਬੂਟ ਮਾਰਿਆ ਗਿਆ।

ਇਸ ਹਮਲੇ ਦੀ ਪੂਰੇ ਪਾਕਿਸਤਾਨ ਵਿਚ ਚਰਚਾ ਹੈ। ਹਰ ਕੋਈ ਇਸ ਹਮਲੇ ਦੀ ਨਿੰਦਾ ਕਰ ਰਿਹਾ ਹੈ। ਕਾਬਲੇਗੌਰ ਹੈ ਕਿ ਇਹ ਘਟਨਾ ਇਮਰਾਨ ਖਾਨ ਸਰਕਾਰ ਦੇ ਵਿਸ਼ਵਾਸ ਵੋਟ ਜਿੱਤਣ ਦੇ ਬਾਅਦ ਵਾਪਰੀ। ਵਿਰੋਧੀ ਧਿਰ ਨੇ ਵਿਸ਼ਵਾਸ ਵੋਟ ਦਾ ਬਾਈਕਾਟ ਕੀਤਾ ਸੀ। ਪਾਕਿਸਤਾਨ ਦੇ ਪ੍ਰਮੁੱਖ ਵਿਰੋਧੀ ਨੇਤਾਵਾਂ ਨੇ ਸਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤੀਫਾ ਦੇਣ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ।

 

 

ਜੁੱਤਾ ਸੁੱਟਣ ਦੀਆਂ ਹੁਣ ਤਕ ਵਾਪਰੀਆਂ ਘਟਨਾਵਾਂ : ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਸਾਲ 2008 ਦੌਰਾਨ ਉਸ ਵੇਲੇ ਸ਼ੁਰੂ ਹੋਇਆ ਜਦੋਂ 14 ਦਸੰਬਰ 2008 ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ਼ ਬੁਸ਼ ਇਰਾਕ ਦੇ ਸ਼ਹਿਰ ਬਗਦਾਦ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਰਾਕੀ ਪੱਤਰਕਾਰ ਮੁਤਜ਼ਰ ਅਲ ਜੈਦੀ ਆਪਣੀ ਸੀਟ 'ਤੇ ਉਠਿਆ ਅਤੇ ਉਸ ਨੇ ਇਕ ਤੋਂ ਬਾਅਦ ਇਕ ਦੋ ਜੁੱਤੇ ਰਾਸ਼ਟਰਪਤੀ ਜਾਰਜ਼ ਬੁਸ਼ ਵੱਲ ਸੁੱਟੇ ਸਨ। 

ਇਸ ਤੋਂ ਬਾਅਦ ਸਾਲ 2009 ਨੂੰ ਪੱਤਰਕਾਰ ਜਰਨੈਲ ਸਿੰਘ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਵੱਲ ਜੁੱਤੀ ਸੁੱਟੀ ਸੀ। ਇਸ ਸਾਲ ਬਾਅਦ ਸਾਲ 2010 ਵਿਚ ਪਾਕਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲ ਬਰਮਿੰਘਮ ਯਾਤਰਾ ਦੌਰਾਨ ਸਰਦਾਰ ਸ਼ਮੀਮ ਨਾਮ ਦੇ ਵਿਅਕਤੀ ਨੇ ਜੁੱਤੀ ਸੁਟੀ ਸੀ। ਇਸੇ ਸਾਲ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲ ਜੁੱਤੀ ਸੁੱਟੀ ਗਈ। ਸਾਲ 2011 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵੱਲ ਲੰਡਨ ਵਿਚ ਜੁੱਤੀ ਸੁੱਟਣ ਦੀ ਘਟਨਾ ਵਾਪਰੀ।

2012 ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲ ਜੁੱਤੀ ਸੁੱਟੀ ਗਈ ਅਤੇ 2013 ਵਿਚ ਪਾਕਿ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵੱਲ ਇਕ ਵਕੀਲ ਨੇ ਜੁੱਤੀ ਸੁੱਟੀ। ਸਾਲ 2014 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਉਛਾਲੀ ਗਈ ਅਤੇ 2015 ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਝੀ ਵੱਲ ਜੁੱਤੀ ਉਛਾਲੀ ਗਈ। 2016 ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲ ਜੁੱਤੀ ਸੁੱਟੀ ਗਈ ਅਤੇ 2017 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਇਕ ਵਿਅਕਤੀ ਨੇ ਜੁੱਤੀ ਸੁੱਟੀ। ਸਾਲ 2018 ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲ ਜੁੱਤੀ ਸੁੱਟਣ ਦੀ ਘਟਨਾ ਵਾਪਰੀ ਅਤੇ ਹੁਣ ਦੋ ਸਾਲ ਬਾਅਦ 2021 ਵਿਚ ਇਹ ਘਟਨਾ ਮੁੜ ਪਾਕਿਸਤਾਨ ਵਿਚ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ।