'16 ਤੋਂ 20 ਅਪ੍ਰੈਲ ਵਿਚਕਾਰ ਪਾਕਿਸਤਾਨ 'ਤੇ ਫਿਰ ਸਰਜੀਕਲ ਸਟ੍ਰਾਈਕ ਕਰ ਸਕਦੈ ਭਾਰਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੀਤਾ ਦਾਅਵਾ

Shah Mahmood Qureshi

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੀ ਸਰਕਾਰ ਨੂੰ ਖੁਫ਼ੀਆ ਜਾਣਕਾਰੀ ਮਿਲੀ ਹੈ ਕਿ ਭਾਰਤ 16 ਤੋਂ 20 ਅਪ੍ਰੈਲ ਵਿਚਕਾਰ ਪਾਕਿਸਤਾਨ 'ਤੇ ਇਕ ਹੋਰ ਹਮਲਾ ਕਰ ਸਕਦਾ ਹੈ। ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ 14 ਫ਼ਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਹੈ। ਉਸ ਹਮਲੇ 'ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। 

ਇਸ ਮਗਰੋਂ ਭਾਰਤ ਨੇ 26 ਫ਼ਰਵਰੀ ਨੂੰ ਪਾਕਿਸਤਾਨ ਅੰਦਰ ਬਾਲਾਕੋਟ 'ਚ ਏਅਰ ਸਟ੍ਰਾਈਕ ਕਰਦਿਆਂ ਸੈਂਕੜੇ ਅਤਿਵਾਦੀਆਂ ਨੂੰ ਮਾਰ ਦਿੱਤਾ ਸੀ। 'ਡਾਨ' ਅਖ਼ਬਾਰ ਮੁਤਾਬਕ ਮੁਲਤਾਨ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਸਰਕਾਰ ਕੋਲ ਪੱਕੀ ਜਾਣਕਾਰੀ ਹੈ ਕਿ ਭਾਰਤ ਇਕ ਨਵੀਂ ਯੋਜਨਾ ਬਣਾ ਰਿਹਾ ਹੈ। ਅਖ਼ਬਾਰ ਨੇ ਕੁਰੈਸ਼ੀ ਦੇ ਹਵਾਲੇ ਤੋਂ ਕਿਹਾ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਕਿਸਤਾਨ ਵਿਰੁੱਧ ਇਕ ਹੋਰ ਹਮਲੇ ਦੇ ਆਸਾਰ ਹਨ। ਸਾਡੀ ਜਾਣਕਾਰੀ ਮੁਤਾਬਕ 16 ਤੋਂ 20 ਅਪ੍ਰੈਲ ਵਿਚਕਾਰ ਕਾਰਵਾਈ ਹੋ ਸਕਦੀ ਹੈ।

ਕੁਰੈਸ਼ੀ ਨੇ ਕਿਹਾ ਕਿ ਇਕ ਨਵਾਂ ਹਾਦਸਾ ਕਰਵਾ ਕੇ ਹਮਲੇ ਦਾ ਤਾਣਾ-ਬਾਣਾ ਰਚਾਇਆ ਜਾਵੇਗਾ ਅਤੇ ਇਸ ਦਾ ਮਕਸਦ ਪਾਕਿਸਤਾਨ ਵਿਰੁੱਧ ਭਾਰਤ ਵੱਲੋਂ ਕੀਤੀ ਕਾਰਵਾਈ ਨੂੰ ਸਹੀ ਦੱਸਣਾ ਅਤੇ ਇਸਲਾਮਾਬਾਦ 'ਤੇ ਵਿਸ਼ਵ ਪੱਧਰੀ ਦਬਾਅ ਨੂੰ ਵਧਾਉਣਾ ਹੈ।