ਮਿਆਂਮਾਰ ਦੀ ਜੇਲ ‘ਚ ਬੰਦ 2 ਪੱਤਰਕਾਰਾਂ ਨੂੰ ਕੀਤਾ ਰਿਹਾਅ
ਮਿਆਂਮਾਰ ਦੀ ਜੇਲ 'ਚ ਕਰੀਬ ਡੇਢ ਸਾਲ ਤੋਂ ਕੈਦ ਸਮਾਚਾਰ ਏਜੰਸੀ ਰਾਈਟਰਸ ਦੇ ਦੋ ਪੱਤਰਕਾਰਾਂ...
ਮਿਆਂਮਾਰ : ਮਿਆਂਮਾਰ ਦੀ ਜੇਲ 'ਚ ਕਰੀਬ ਡੇਢ ਸਾਲ ਤੋਂ ਕੈਦ ਸਮਾਚਾਰ ਏਜੰਸੀ ਰਾਈਟਰਸ ਦੇ ਦੋ ਪੱਤਰਕਾਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੋਨਾਂ ਨੂੰ ਸਰਕਾਰੀ ਪ੍ਰਾਈਵੇਸੀ ਕਾਨੂੰਨ ਤੋੜਨ ਦਾ ਦੋਸ਼ੀ ਪਾਇਆ ਗਿਆ ਸੀ। ਮਿਆਂਮਾਰ ਦੀ ਅਦਾਲਤ ਨੇ ਦੋਨਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਸੀ। ਦੱਸਿਆ ਜਾ ਰਿਹਾ ਹੈ ਕਿ 17 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਮਿਆਂਮਾਰ ਦੇ ਨਵੇਂ ਸਾਲ ਤੋਂ ਪਹਿਲਾਂ ਰਾਸ਼ਟਰਪਤੀ ਨੇ ਉਨਾਂ ਨੂੰ ਮੁਆਫ਼ੀ ਦੇ ਦਿੱਤੀ।
ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਨੂੰ ਵਾ ਲੋਨ ਅਤੇ ਕਿਆਵ ਸੋ ਨੂੰ ਯੰਗੂਨ ਦੀ ਜੇਲ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ। ਉਨਾਂ ਨੂੰ ਸਤੰਬਰ 2017 ਵਿੱਚ ਸਜ਼ਾ ਸੁਣਾਈ ਗਈ ਸੀ। ਉਹ 12 ਦਸੰਬਰ 2017 ਤੋਂ ਜੇਲ ‘ਚ ਸਨ। ਮਿਆਂਮਾਰ ਦੇ ਰਾਸ਼ਟਰਪਤੀ ਵਿਨ ਮਿੰਟ ਨੇ ਅਪ੍ਰੈਲ 'ਚ ਜਾਣਕਾਰੀ ਦਿੱਤੀ ਸੀ ਕਿ ਬੁੱਧ ਧਰਮ ਦੇ ਨਵੇਂ ਸਾਲ ਮੌਕੇ ਤਿਉਹਾਰ ਤਿੰਗਯਾਨ ਦੋਰਾਨ ਮਨੁੱਖੀ ਆਧਾਰ 'ਤੇ 16 ਵਿਦੇਸ਼ੀ ਕੈਦੀਆਂ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਨਾਂ ਵਿੱਚੋਂ ਰਾਈਟਰਸ ਦੇ ਦੋਨੋਂ ਪੱਤਰਕਾਰਾਂ ਦਾ ਨਾਮ ਨਹੀਂ ਸੀ।
ਦੋਨੋਂ ਪੱਤਰਕਾਰ ਮਿਆਂਮਾਰ 'ਚ ਰੋਹਿੰਗੀਆ ਸੰਕਟ ਨਾਲ ਜੁੜੀਆਂ ਖ਼ਬਰਾਂ 'ਤੇ ਕੰਮ ਕਰ ਰਹੇ ਸਨ। ਸਤੰਬਰ 2017 ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਦੋਨਾਂ ਨੇ ਰਖਾਇਨ ਸੂਬੇ 'ਚ ਰੋਹਿੰਗੀਆ ਮੁਸਲਮਾਨਾਂ ਵਿਰੁੱਧ ਫ਼ੌਜ ਦੇ ਅੱਤਿਆਚਾਰ ਵਿਰੁੱਧ ਰਿਪੋਰਟਿੰਗ ਕੀਤੀ ਸੀ। ਦੋਨਾਂ ਨੂੰ ਉਸ ਸਮੇਂ ਕਾਨੂੰਨ ਤੋੜਨ ਦਾ ਦੋਸ਼ੀ ਮੰਨਿਆ ਗਿਆ ਸੀ ਜਦ ਕਿ ਉਨਾਂ ਦੇ ਹੱਥ ਕੁਝ ਗੁਪਤ ਦਸਤਾਵੇਜ ਲੱਗ ਗਏ ਸਨ।