121 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਤੇ ਸਿੱਖ ਵਿਰਸੇ ਨੂੰ ਸੰਭਾਲੀ ਬੈਠੇ ਮਿਆਂਮਾਰ ਦੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨੇਪਾਲ ਦੇ ਨਾਲ-ਨਾਲ ਮਿਆਂਮਾਰ ਵਰਗੇ ਦੇਸ਼ ਵਿਚ ਵੀ ਸਿੱਖਾਂ ਦੀ ਕੁੱਝ ਆਬਾਦੀ ਮੌਜੂਦ ਹੈ, ਖ਼ਾਸ ਗੱਲ ਇਹ ਹੈ ਕਿ ਲੰਬਾ ਸਮਾਂ ਮਿਆਂਮਾਰ 'ਚ ਰਹਿਣ ਦੇ ਬਾਵਜੂਦ ਇਥੇ ਰਹਿੰਦੇ

Sikhs of Myanmar

ਦੁਨੀਆ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿੱਥੇ ਸਿੱਖਾਂ ਦੀ ਹੋਂਦ  ਨਾ ਹੋਵੇ। ਵਿਸ਼ਵ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਵੱਡੇ-ਵੱਡੇ ਮੁਲਕਾਂ ਤੋਂ ਇਲਾਵਾ ਕਈ ਛੋਟੇ ਦੇਸ਼ਾਂ ਵਿਚ ਵੀ ਸਿੱਖ ਭਾਈਚਾਰੇ ਦੇ ਲੋਕ ਵਸੇ ਹੋਏ ਹਨ। ਨੇਪਾਲ ਦੇ ਨਾਲ-ਨਾਲ ਮਿਆਂਮਾਰ ਵਰਗੇ ਦੇਸ਼ ਵਿਚ ਵੀ ਸਿੱਖਾਂ ਦੀ ਕੁੱਝ ਆਬਾਦੀ ਮੌਜੂਦ ਹੈ, ਖ਼ਾਸ ਗੱਲ ਇਹ ਹੈ ਕਿ ਲੰਬਾ ਸਮਾਂ ਮਿਆਂਮਾਰ 'ਚ ਰਹਿਣ ਦੇ ਬਾਵਜੂਦ ਇਥੇ ਰਹਿੰਦੇ ਸਿੱਖਾਂ ਵਲੋਂ ਕਾਫ਼ੀ ਸ਼ੁੱਧ ਪੰਜਾਬੀ ਬੋਲੀ ਜਾਂਦੀ ਹੈ। 

ਮਿਆਂਮਾਰ ਦੇ ਸੂਬੇ ਕਾਚਿਨ ਦੀ ਰਾਜਧਾਨੀ ਮਾਇਟਕਾਇਨੀਆ ਵਿਚ 43 ਸਿੱਖ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕੁੱਲ ਗਿਣਤੀ 280 ਦੇ ਕਰੀਬ ਹੈ।ਹੁਣ ਇਹ ਵੀ ਸੱਚ ਹੈ ਕਿ ਜਿੱਥੇ ਸਿੱਖ ਹੋਣਗੇ, ਉਥੇ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਹੋਵੇਗਾ। ਇਸ ਲਈ ਮਿਆਂਮਾਰ ਦੇ ਸਿੱਖਾਂ ਨੇ ਵੀ ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਹੋਇਆ ਹੈ।

ਇੱਥੇ ਰਹਿਣ ਵਾਲੇ ਸਾਰੇ ਸਿੱਖ ਪਰਿਵਾਰ ਆਪੋ ਅਪਣੇ ਵੱਖ-ਵੱਖ ਕਾਰੋਬਾਰ ਕਰਦੇ ਹਨ ਅਤੇ ਮਿਆਂਮਾਰ ਦੀ ਅਰਥ-ਵਿਵਸਥਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਦਰਅਸਲ ਪਹਿਲਾਂ ਜਦੋਂ ਇਸ ਦੇਸ਼ ਦਾ ਨਾਂਅ ਬਰਮਾ ਹੀ ਸੀ ਤਾਂ ਉਸ ਵੇਲੇ ਇੱਥੇ ਸਿੱਖਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਜ਼ਿਆਦਾ ਸੀ ਪਰ ਹੁਣ ਪੂਰੇ ਮਿਆਂਮਾਰ 'ਚ ਇਹ ਘਟ ਕੇ ਮਹਿਜ਼ ਦੋ ਤੋਂ ਤਿੰਨ ਹਜ਼ਾਰ ਦੇ ਕਰੀਬ ਰਹਿ ਗਈ ਹੈ।

ਮਿਆਂਮਾਰ ਦੇ ਯੈਂਗੋਨ ਅਤੇ ਮਾਂਡਲੇ ਤੋਂ ਬਾਅਦ ਇਸ ਵੇਲੇ ਮਾਇਟਕਾਇਨੀਆ ਵਿਚ ਹੀ ਸਭ ਤੋਂ ਵੱਧ ਸਿੱਖਾਂ ਦੀ ਆਬਾਦੀ ਹੈ। ਵੈਸੇ ਲੈਸ਼ੀਓ, ਤੌਂਗਈ, ਮੋਗੋਕ ਤੇ ਪਿਯਾਬਵੇ ਜਿਹੇ ਸ਼ਹਿਰਾਂ ਵਿਚ ਵੀ ਸਿੱਖਾਂ ਦੀ ਕਾਫ਼ੀ ਆਬਦੀ ਵਸੀ ਹੋਈ ਹੈ। ਫ਼ਰੰਟੀਅਰ ਮਿਆਂਮਾਰ ਵਲੋਂ ਪ੍ਰਕਾਸ਼ਿਤ ਐਮਿਲੀ ਫਿਸ਼ਬੇਨ ਦੀ ਰਿਪੋਰਟ ਅਨੁਸਾਰ ਸਮੁੱਚੇ ਮਿਆਂਮਾਰ ਵਿਚ ਇਸ ਵੇਲੇ 50 ਦੇ ਕਰੀਬ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਇੱਥੋਂ ਦੇ ਜ਼ਿਆਦਾਤਰ ਸਿੱਖ ਧਾਰਮਿਕ ਬਿਰਤੀ ਵਾਲੇ ਹਨ।

ਸਿੱਖ ਨੌਜਵਾਨਾਂ ਦਾ ਵੀ ਜ਼ਿਆਦਾਤਰ ਰੁਝਾਨ ਇਸੇ ਪਾਸੇ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਿਆਂ ਵਿਚ ਸਿੱਖ ਬੱਚਿਆਂ ਦੀਆਂ ਵਿਸ਼ੇਸ਼ ਗੁਰਮਤਿ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ।ਹੋਰ ਨਾਗਰਿਕਾਂ ਨਾਲ ਆਮ ਬੋਲਚਾਲ ਵੇਲੇ ਇਹ ਸਿੱਖ ਬਰਮੀ ਭਾਸ਼ਾ ਹੀ ਬੋਲਦੇ ਹਨ ਪਰ ਅਪਣੇ ਘਰਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਸ਼ੁੱਧ ਪੰਜਾਬੀ ਹੀ ਚਲਦੀ ਹੈ। 

ਮਿਆਂਮਾਰ ਦੇ ਵਾਇੰਗਮਾਅ ਦੀ ਜੰਮਪਲ ਇਕ ਬਜ਼ੁਰਗ ਸਿੱਖ ਔਰਤ ਅਨੁਸਾਰ  ਉਨ੍ਹਾਂ ਦੇ ਪਿਤਾ ਇੰਗਲੈਂਡ ਦੀ ਫ਼ੌਜ ਵਿਚ ਸਿਪਾਹੀ ਸਨ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਹ ਬਰਮਾ ਆਏ ਸਨ। ਉਸ ਵੇਲੇ ਬਰਮਾ 'ਤੇ ਇੰਗਲੈਂਡ ਦੀ ਹਕੂਮਤ ਹੁੰਦੀ ਸੀ। ਪੁਰਾਣੇ ਰਿਕਾਰਡਾਂ ਅਨੁਸਾਰ ਸਿੱਖ ਸਭ ਤੋਂ ਪਹਿਲੀ ਵਾਰ ਬ੍ਰਿਟਿਸ਼ ਫ਼ੌਜ ਨਾਲ 1898 ਵਿਚ ਬਰਮਾ ਆਏ ਸਨ, ਜਿਸ ਤੋਂ ਬਾਅਦ ਕੁਝ ਫ਼ੌਜੀ ਜਵਾਨਾਂ ਨੇ ਇਥੇ ਹੀ ਵੱਸਣ ਦਾ ਫ਼ੈਸਲਾ ਕਰ ਲਿਆ ਸੀ ਅਤੇ ਆਪੋ-ਅਪਣੇ ਕਾਰੋਬਾਰ ਖੋਲ੍ਹ ਲਏ ਸਨ।

ਸਾਲ 1948 ਵਿਚ ਜਦੋਂ ਬਰਮਾ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਮਿਲੀ, ਉਸ ਵੇਲੇ ਕਾਚਿਨ ਸੂਬੇ ਦੀ ਰਾਜਧਾਨੀ ਵਾਇੰਗਮਾਅ ਤੋਂ ਮਾਇਟਕਾਇਨੀਆ ਵਿਚ ਤਬਦੀਲ ਹੋ ਗਈ ਸੀ। ਜ਼ਿਆਦਾਤਰ ਸਿੱਖਾਂ ਨੇ ਵੀ ਰਾਜਧਾਨੀ ਵਿਚ ਹੀ ਰਹਿਣਾ ਪਸੰਦ ਕੀਤਾ ਸੀ। ਫਿਰ ਜਦੋਂ 1962 ਵਿਚ ਜਨਰਲ ਨੀ ਵਿਨ ਨੇ ਬਰਮਾ ਦੀ ਸੱਤਾ ਸੰਭਾਲੀ ਤਾਂ ਬਰਮਾ ਮੂਲ ਤੋਂ ਬਾਹਰਲੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ।

ਉਸ ਸਮੇਂ ਦੌਰਾਨ ਸਿੱਖਾਂ ਨਾਲ ਵੀ ਬਹੁਤ ਸਾਰੀਆਂ ਵਧੀਕੀਆਂ ਹੋਈਆਂ। ਇੱਥੋਂ ਤਕ ਕਿ ਭਾਰਤੀ ਮੂਲ ਦੇ ਸਾਰੇ ਲੋਕਾਂ 'ਤੇ ਉੱਚ-ਸਿੱਖਿਆ ਹਾਸਲ ਕਰਨ 'ਤੇ ਪਾਬੰਦੀ ਤਕ ਲਗਾ ਦਿਤੀ ਗਈ ਸੀ। ਅੱਤਿਆਚਾਰ ਕਰ ਕੇ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਪਰ ਇਸ ਸਭ ਦੇ ਬਾਵਜੂਦ ਇੱਥੇ ਵਸਦੇ ਸਿੱਖਾਂ ਨੇ ਦੇਸ਼ ਨਹੀਂ ਛੱਡਿਆ, ਪਰ ਹੁਣ ਸਮਾਂ ਪੂਰੀ ਤਰ੍ਹਾਂ ਬਦਲ ਗਿਆ ਹੈ, ਹੁਣ ਇੱਥੇ ਰਹਿ ਰਹੇ ਸਿੱਖਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ।