ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਹੋਵੇਗੀ 'ਘਰ ਵਾਪਸੀ', ਪੀਐਮ ਸਕੌਟ ਮੌਰੀਸਨ ਨੇ ਕੀਤਾ ਐਲਾਨ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਜਲਦ ਹੀ ਘਰ ਵਾਪਸੀ ਹੋਵੇਗੀ।
ਮੈਲਬੋਰਨ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਜਲਦ ਹੀ ਘਰ ਵਾਪਸੀ ਹੋਵੇਗੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਤੋਂ ਪਰਤਣ ਵਾਲੇ ਨਾਗਰਿਕਾਂ ’ਤੇ ਲਗਾਈ ਗਈ ਪਾਬੰਧੀ ਅਗਲੇ ਸ਼ਨੀਵਾਰ ਨੂੰ ਹਟਾਈ ਜਾਵੇਗੀ। ਇਸ ਦੌਰਾਨ ਡਾਰਵਿਨ ਸ਼ਹਿਰ ਵਿਚ ਨਾਗਰਿਕਾਂ ਨੂੰ ਲੈ ਕੇ ਆਉਣ ਵਾਲਾ ਪਹਿਲਾ ਜਹਾਜ਼ ਆਸਟ੍ਰੇਲੀਆ ਪਹੁੰਚੇਗਾ।
ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਨੇ ਹਾਲ ਹੀ ਵਿਚ ਇਤਿਹਾਸ ’ਚ ਪਹਿਲੀ ਵਾਰ ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਨਾਗਰਿਕਾਂ ਦੀ ਐਂਟਰੀ ’ਤੇ ਪਾਬੰਧੀ ਲਗਾਈ ਸੀ। ਇਸ ਦਾ ਉਲੰਘਣ ਕਰਨ ’ਤੇ ਸਰਕਾਰ ਨੇ ਪੰਜ ਸਾਲ ਦੀ ਕੈਦ ਜਾਂ 50,899 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਫੈਸਲੇ ਦੀ ਕਈ ਸੰਸਦ ਮੈਂਬਰਾਂ, ਡਾਕਟਰਾਂ ਅਤੇ ਕਾਰੋਬਾਰੀਆਂ ਨੇ ਸਖ਼ਤ ਅਲੋਚਨਾ ਵੀ ਕੀਤੀ ਸੀ। ਇਸ ਮਾਮਲੇ ’ਤੇ ਸਰਕਾਰ ਦੇ ਆਦੇਸ਼ ਦੀ ਮਿਆਦ 15 ਮਈ ਨੂੰ ਖਤਮ ਹੋ ਜਾਵੇਗੀ।
ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਤੋਂ ਬਾਅਦ ਪੀਐਮ ਨੇ ਇਸ ਉੱਤੇ ਸਹਿਮਤੀ ਜਤਾਈ ਕਿ ਇਸ ਮਿਆਦ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਹੈ। ਅਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਸਟ੍ਰੇਲੀਆ ਵੱਲੋਂ 15 ਮਈ ਤੋਂ 31 ਮਈ ਤੱਕ ਤਿੰਨ ਜਹਾਜ਼ ਭੇਜੇ ਜਾਣਗੇ। ਭਾਰਤ ਤੋਂ ਸਿੱਧਿਆਂ ਵਪਾਰਕ ਉਡਾਣਾਂ 'ਤੇ ਅਜੇ ਵੀ ਪਾਬੰਧੀਆਂ ਜਾਰੀ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਭਾਰਤ ਤੋਂ ਲੋਕਾਂ ਨੂੰ ਲਿਆਉਣ ਲਈ ਪਹਿਲਾ ਜਹਾਜ਼ ਭੇਜਣ ਦੀ ਤਿਆਰੀ ਕਰ ਰਹੇ ਹਾਂ। ਇਸ ਵਿਚ ਸਭ ਤੋਂ ਪਹਿਲਾਂ ਉਹਨਾਂ 900 ਲੋਕਾਂ ਨੂੰ ਲਿਆਂਦਾ ਜਾਵੇਗਾ ਜੋ ਜ਼ਿਆਦਾ ਪਰੇਸ਼ਾਨੀ ਵਿਚ ਹਨ। ਰਵਾਨਾ ਹੋਣ ਤੋਂ ਪਹਿਲਾਂ ਰੈਪਿਡ ਐਂਟੀਜਨ ਜਾਂਚ ਕਰਵਾਉਣੀ ਹੋਵੇਗੀ। ਆਸਟ੍ਰੇਲੀਆ ਵਾਪਸ ਪਹੁੰਚਣ ’ਤੇ ਨਾਗਰਿਕਾਂ ਨੂੰ ਉੱਤਰੀ ਭਾਗ ਵਿਚ ਸਥਿਤ ਹੋਵਰਡ ਸਪ੍ਰਿੰਗ ਇਕਾਂਤਵਾਸ ਕੇਂਦਰ ਵਿਚ ਰੱਖਿਆ ਜਾਵੇਗਾ। ਖ਼ਬਰਾਂ ਮੁਤਾਬਕ ਭਾਰਤ ਵਿਚ ਕੁੱਲ 9000 ਲੋਕ ਹਨ ਜੋ ਜਾਂ ਤਾਂ ਆਸਟ੍ਰੇਲੀਆਈ ਨਾਗਰਿਕ ਹਨ ਜਾਂ ਉੱਥੋਂ ਦੇ ਸਥਾਈ ਵਾਸੀ ਹਨ।