ਸ਼ਿਕਾਗੋ 'ਚ ਗੈਂਗਵਾਰ, 44 ਲੋਕਾਂ ਨੂੰ ਗੋਲੀ ਮਾਰੀ
ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 14 ਘੰਟਿਆਂ 'ਚ 44 ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ................
ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 14 ਘੰਟਿਆਂ 'ਚ 44 ਲੋਕਾਂ ਨੂੰ ਗੋਲੀ ਮਾਰ ਦਿਤੀ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ। ਸੀ.ਐਨ.ਐਨ. ਮੁਤਾਬਕ ਐਤਵਾਰ ਰਾਤ 1:30 ਵਜੇ ਤੋਂ ਸ਼ੁਰੂਆਤੀ ਤਿੰਨ ਘੰਟਿਆਂ 'ਚ ਪੁਲਿਸ ਦੇ ਰੀਕਾਰਡ ਮੁਤਾਬਕ 10 ਘਟਨਾਵਾਂ 'ਚ 30 ਲੋਕਾਂ ਨੂੰ ਗੋਲੀ ਮਾਰੀ ਗਈ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਦੇਰ ਰਾਤ 2 ਵਜੇ ਤਕ ਹੋਈ। 'ਬਿਊਰੋ ਆਫ਼ ਪੈਟਰੌਲ' ਦੇ ਮੁਖੀ ਫ਼ਰੈਡ ਵਾਲਰ ਨੇ ਸੋਮਵਾਰ ਦੁਪਹਿਰ ਨੂੰ ਕਿਹਾ, ''ਸ਼ਿਕਾਗੋ ਸ਼ਹਿਰ ਨੂੰ ਹਿੰਸਕ ਰਾਤ 'ਚੋਂ ਗੁਜ਼ਰਨਾ ਪਿਆ।
ਇਨ੍ਹਾਂ 'ਚ ਕੁੱਝ ਘਟਨਾਵਾਂ ਯੋਜਨਾਬੱਧ ਸਨ ਅਤੇ ਉਨ੍ਹਾਂ ਇਲਾਕਿਆਂ 'ਚ ਗੈਂਗਵਾਰ ਨਾਲ ਸਬੰਧਤ ਸਨ।'' ਵਾਲਰ ਨੇ ਕਿਹਾ ਕਿ ਇਕ ਘਟਨਾ 'ਚ ਨਿਸ਼ਾਨੇਬਾਜ਼ਾਂ ਨੇ ਭੀੜ ਨਾਲ ਭਰੀ ਸਟ੍ਰੀਟ ਪਾਰਟੀ 'ਤੇ ਗੋਲੀਆਂ ਚਲਾ ਦਿਤੀਆਂ। ਜ਼ਖ਼ਮੀ ਲੋਕਾਂ 'ਚ ਸੱਭ ਤੋਂ ਵੱਧ ਉਮਰ ਦਾ 62 ਸਾਲਾ ਅਤੇ ਸੱਭ ਤੋਂ ਘੱਟ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਪਛਮੀ ਇਲਾਕੇ 'ਚ ਵਾਪਰੀਆਂ। (ਪੀਟੀਆਈ)