ਸਰੀ 'ਚ ਗੈਂਗਵਾਰਾਂ ਵਿਰੁਧ 'ਜਾਗੋ ਤੇ ਜਗਾਉ' ਰੋਸ ਰੈਲੀ ਕੱਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਕੈਨੇਡੀਅਨ ਪੰਜਾਬ' ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਸਿਟੀ ਹਾਲ ਦੀ ਪਾਰਕਿੰਗ ਵਿਚ ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਇਲਾਕੇ 'ਚ ਗੈਂਗ ਨਾਲ......

Pepole During 'Jago and Jagao' Rally

ਵੈਨਕੂਵਰ : 'ਕੈਨੇਡੀਅਨ ਪੰਜਾਬ' ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਸਿਟੀ ਹਾਲ ਦੀ ਪਾਰਕਿੰਗ ਵਿਚ ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਇਲਾਕੇ 'ਚ ਗੈਂਗ ਨਾਲ ਸਬੰਧਤ ਹਿੰਸਕ ਵਾਰਦਾਤਾਂ ਵਿਰੁਧ ਆਮ ਲੋਕਾਂ ਵਲੋਂ ਇਕ ਵਿਸ਼ਾਲ ਰੋਸ ਰੈਲੀ ਕੱਢੀ ਗਈ, ਜਿਸ 'ਚ 3000 ਤੋਂ ਵੱਧ ਆਮ ਲੋਕਾਂ ਅਤੇ ਉਨ੍ਹਾਂ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਨੌਜਵਾਨ ਬੱਚੇ ਪਿਛਲੀਆਂ ਗੈਂਗ ਵਾਰਦਾਤਾਂ ਅਤੇ ਨਸ਼ਾ ਤਸਕਰੀ 'ਚ ਮਾਰੇ ਗਏ ਹਨ। ਇਸ ਰੈਲੀ ਨੂੰ 'ਜਾਗੋ ਤੇ ਜਗਾਉ' ਰੋਸ ਰੈਲੀ ਦਾ ਨਾਂ ਦਿਤਾ ਗਿਆ ਸੀ। ਰੋਹ 'ਚ ਆਏ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਸਨ ਕਿ ਗੈਂਗ ਹਿੰਸਾ ਨੂੰ ਸਖ਼ਤੀ ਵਰਤ ਕੇ ਰੋਕਿਆ ਜਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੋ ਨੌਜਵਾਨ ਮੁੰਡੇ ਜਸਕਰਨ ਝੂਟੀ (16) ਅਤੇ ਜਸਕਰਨ ਭੰਗਾਲ (17) ਗੈਂਗਵਾਰ ਕਾਰਨ ਗੋਲੀ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਦੇ ਕਾਤਲ ਡੇਢ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਫੜੇ ਨਹੀਂ ਗਏ, ਜਿਸ ਕਰ ਕੇ ਪੰਜਾਬੀ ਭਾਈਚਾਰੇ ਦਾ ਗੁੱਸਾ ਸਿਰੋਂ ਟੱਪ ਗਿਆ ਅਤੇ ਉਨ੍ਹਾਂ ਨੇ ਕਾਤਲਾਂ ਨੂੰ ਫੜਣ ਅਤੇ ਗੈਂਗ ਵਾਰਦਾਤਾਂ ਨੂੰ ਨਕੇਲ ਪਾਉਣ ਲਈ ਪ੍ਰਸ਼ਾਸਨ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ 'ਜਾਗੋ ਅਤੇ ਜਗਾਉ' ਰੋਸ ਰੈਲੀ ਦਾ ਵੱਡੇ ਪੱਧਰ 'ਤੇ ਆਯੋਜਨ ਕੀਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਫ਼ੈਡਰਲ ਸਰਕਾਰ, ਸੂਬਾ ਸਰਕਾਰ, ਸਿਟੀ ਆਫ਼ ਸਰੀ ਅਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਲਈ ਜੰਮ ਕੇ ਰੋਸ ਜਤਾਇਆ। ਇਸ ਮੌਕੇ ਕਾਤਲਾਂ ਨੂੰ ਫੜਣ ਅਤੇ ਗੈਂਗ ਹਿੰਸਾ ਰੋਕਣ ਲਈ ਪ੍ਰਸ਼ਾਸਨ ਨੂੰ 6 ਹਫ਼ਤਿਆਂ ਦਾ ਅਲਟੀਮੇਟਮ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਸੁੱਖੀ ਸੰਧੂ ਨੇ ਪ੍ਰਸ਼ਾਸਨ ਲਈ 10 ਨੁਕਾਤੀ ਪ੍ਰੋਗਰਾਮ ਦਾ ਉਦੇਸ਼ ਵੀ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਹੈ ਸੂਬੇ ਦੇ ਸਾਰੇ ਐਮ.ਪੀਜ਼, ਵਿਧਾਨਕਾਰ, ਸਥਾਨਕ ਸਰਕਾਰਾਂ ਦੇ ਨੁਮਾਇੰਦੇ ਇਲਾਕੇ ਦੇ ਸਾਰੇ ਸਕੂਲਾਂ ਦਾ ਦੌਰਾ ਵੀ ਕਰਿਆ ਕਰਨ ਤਾਂ ਕਿ ਮਾੜੀਆਂ ਘਟਨਾਵਾਂ ਰੋਕਣ ਲਈ ਹਰ ਸਮੇਂ ਚੌਕਸੀ ਬਣਾਈ ਰੱਖੀ ਜਾਵੇ।