ਕਿਸਾਨਾਂ ਦੇ ਸਮਰਥਨ 'ਚ ਅਮਾਂਡਾ ਨੇ ਫਿਰ ਕੀਤਾ ਟਵੀਟ, ‘ਅੱਜ ਖਾ ਰਹੇ ਹੋ ਤਾਂ ਕਿਸਾਨ ਦਾ ਧੰਨਵਾਦ ਕਰੋ’
ਕਿਸਾਨਾਂ ਦੀ ਹਮਾਇਤ ਕਰਦਿਆਂ ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ
ਨਵੀਂ ਦਿੱਲੀ: ਕਿਸਾਨਾਂ ਦੇ ਸਮਰਥਨ ਵਿਚ ਮਸ਼ਹੂਰ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਅਮਰੀਕੀ ਅਦਾਕਾਰਾ ਅਮਾਂਡਾ ਸਰਨੀ ਨੇ ਵੀ ਵੀਡੀਓ ਸਾਂਝੀ ਕਰ ਕਿਸਾਨਾਂ ਪ੍ਰਤੀ ਅਪਣਾ ਸਮਰਥਨ ਜਤਾਇਆ ਹੈ। ਅਮਾਂਡਾ ਨੇ ਟਵੀਟ ਵਿਚ ਲਿਖਿਆ ਜੇਕਰ ਤੁਸੀਂ ਅੱਜ ਖਾ ਰਹੇ ਹੋ ਤਾਂ ਕਿਸਾਨ ਨੂੰ ਧੰਨਵਾਦ ਕਰੋ।
ਕਿਸਾਨਾਂ ਦੇ ਸਮਰਥਨ ‘ਚ ਅਮਾਂਡਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਅਮਾਂਡਾ ਨੇ ਟਵੀਟ ਕਰਦਿਆਂ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਇਕ ਲੜਕਾ ਖੇਤਾਂ ਵਿਚ ਟਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਵੀਡੀਓ ਨਾਲ ਅਮਾਂਡਾ ਨੇ ਲਿਖਿਆ, ‘ਜੇਕਰ ਤੁਸੀਂ ਅੱਜ ਖਾਂਦੇ ਹੋ ਤਾਂ ਉਸ ਦੇ ਲਈ ਕਿਸਾਨ ਨੂੰ ਧੰਨਵਾਦ ਕਰੋ। ਕਿਸਾਨ ਨਹੀਂ ਤਾਂ ਖਾਣਾ ਨਹੀਂ...’।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਾਂਡਾ ਸਰਨੀ ਨੇ ਕਿਸਾਨਾਂ ਦੇ ਸਮਰਥਨ ਵਿਚ ਕਈ ਟਵੀਟ ਕੀਤੇ ਸੀ। ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਵੱਲੋਂ ਵਿਦੇਸ਼ੀ ਹਸਤੀਆਂ ਦੇ ਜਵਾਬ ਵਿਚ ਟਵੀਟ ਕਰਨ ਨੂੰ ਲੈ ਅਦਾਕਾਰਾਂ ਨੂੰ ਜਵਾਬ ਵੀ ਦਿੱਤਾ ਸੀ।
ਅਮਾਂਡਾ ਸਰਨੀ ਨੇ ਭਾਰਤੀ ਹਸਤੀਆਂ ਨੂੰ ਜਵਾਬ ਦਿੰਦਿਆਂ ਟਵੀਟ ਕੀਤਾ, ‘ਇਹਨਾਂ ਮੂਰਖਾਂ ਨੂੰ ਕਿਸ ਨੇ ਭਾੜੇ ‘ਤੇ ਲਿਆਂਦਾ ਹੈ, ਜਿਨ੍ਹਾਂ ਨੇ ਇਹ ਪ੍ਰੋਪੋਗੰਡਾ ਲਿਖਿਆ ਹੈ। ਇਕ ਪੂਰੀ ਤਰ੍ਹਾਂ ਅਸੰਬੰਧਿਤ ਹਸਤੀਆਂ ਭਾਰਤ ਨੂੰ ਤੋੜਨ ਲਈ ਸਾਜ਼ਿਸ਼ ਰਚ ਰਹੀਆਂ ਹਨ ਅਤੇ ਇਸ ਦੇ ਲਈ ਉਹਨਾਂ ਨੂੰ ਪੈਸਾ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸ ਨੂੰ ਕੁਝ ਰਿਅਲਿਸਟਿਕ ਰੱਖਦੇ’।
ਇਸ ਤੋਂ ਇਲਾਵਾ ਅਮਾਂਡਾ ਸਰਨੀ ਨੇ ਇੰਸਟਾਗ੍ਰਾਮ ‘ਤੇ ਵੀ ਅਪਣਾ ਪੱਖ ਰੱਖਿਆ ਸੀ। ਅਮਾਂਡਾ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਸੀ, ਦੁਨੀਆ ਦੇਖ ਰਹੀ ਹੈ, ਤੁਹਾਡੇ ਮੁੱਦੇ ਨੂੰ ਸਮਝਣ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜ਼ਰੂਰੀ ਨਹੀਂ ਹੈ।