ਉਤਰਾਖੰਡ ‘ਚ ਤਬਾਹੀ ਮਗਰੋਂ UN ਨੇ ਜਤਾਈ ਹਮਦਰਦੀ, ਜਾਪਾਨ ਦੇ ਰਾਜਦੂਤ ਵੱਲੋਂ ਦੁੱਖ ਦਾ ਪ੍ਰਗਟਾਵਾ
ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
ਨਵੀਂ ਦਿੱਲੀ: ਬੀਤੇ ਦਿਨ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਕਾਰਨ ਹੋਈ ਭਾਰੀ ਤਬਾਹੀ ਮਗਰੋਂ ਸੰਯੁਕਤ ਰਾਸ਼ਟਰ ਨੇ ਉਤਰਾਖੰਡ ਤੇ ਭਾਰਤ ਨਾਲ ਹਮਦਰਦੀ ਜਤਾਈ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਲੋੜ ਪੈਣ ‘ਤੇ ਬਚਾਅ ਅਤੇ ਮਦਦ ਕਾਰਜਾਂ ਵਿਚ ਯੋਗਦਾਨ ਦੇਣ ਲਈ ਤਿਆਰ ਹੈ।
ਬੁਲਾਰੇ ਨੇ ਕਿਹਾ, ‘ਜਨਰਲ ਸਕੱਤਰ ਨੂੰ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਤੇ ਉਸ ਤੋਂ ਬਾਅਦ ਆਏ ਹੜ੍ਹ ਕਾਰਨ ਹੋਏ ਜਾਨਮਾਲ ਦੇ ਨੁਕਸਾਨ ਅਤੇ ਦਰਜਨਾਂ ਲੋਕਾਂ ਦੇ ਲਾਪਤਾ ਹੋਣ ‘ਤੇ ਦੁੱਖ ਹੈ। ਉਹ ਪੀੜਤਾਂ ਦੇ ਪਰਿਵਾਰਾਂ, ਲੋਕਾਂ ਅਤੇ ਭਾਰਤ ਸਰਕਾਰ ਪ੍ਰਤੀ ਅਪਣੀ ਹਮਦਰਦੀ ਜ਼ਾਹਿਰ ਕਰਦੇ ਹਨ। ਸੰਯੁਕਤ ਰਾਸ਼ਟਰ ਲੋੜ ਪੈਣ ‘ਤੇ ਬਚਾਅ ਅਤੇ ਮਦਦ ਕਾਰਜਾਂ ਵਿਚ ਯੋਗਦਾਨ ਦੇਣ ਲਈ ਤਿਆਰ ਹੈ’।
ਇਸ ਤੋਂ ਇਲਾਵਾ ਭਾਰਤ ਵਿਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਵੀ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਤੋਸ਼ੀ ਸੁਜ਼ੂਰੀ ਨੇ ਕਿਹਾ ਕਿ, ‘ਉਤਰਾਖੰਡ ਵਿਚ ਹੋਏ ਇਕ ਵੱਡੇ ਹਾਦਸੇ ਵਿਚ ਬਹੁਤ ਸਾਰੇ ਨਿਰਦੋਸ਼ ਲੋਕਾਂ ਦੇ ਜਾਨੀ ਨੁਕਸਾਨ ਅਤੇ ਲਾਪਤਾ ਹੋਣ ਦੀ ਦੁਖਦਾਈ ਘਟਨਾ ਤੋਂ ਮੇਰਾ ਦਿਲ ਦੁਖੀ ਹੈ।
ਮੈਂ ਦਿਲੋਂ ਸ਼ੋਕ ਭੇਂਟ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਲਾਪਤਾ ਲੋਕਾਂ ਨੂੰ ਜਲਦ ਤੋਂ ਜਲਦ ਬਚਾਇਆ ਜਾਵੇ। ਸਾਡੀ ਹਮਦਰਦੀ ਉਤਰਾਖੰਡ ਦੇ ਲੋਕਾਂ ਨਾਲ ਹੈ’। ਇਸ ਤੋਂ ਇਲਾਵਾ ਉਤਰਾਖੰਡ ਵਿਚ ਵਾਪਰੀ ਭਿਆਨਕ ਘਟਨਾ ਲਈ ਅਮਰੀਕਾ, ਫਰਾਂਸ ਅਤੇ ਤੁਰਕੀ ਆਦਿ ਦੇਸ਼ਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਅਤੇ ਮਦਦ ਦੀ ਪੇਸ਼ਕਸ਼ ਕੀਤੀ ਹੈ।