ਚੀਨ ਖੇਤਰ ਵਿਚ ਬੇਹਦ ਹਮਲਾਵਰ ਰਵਈਆ ਅਪਣਾ ਰਿਹਾ ਹੈ : ਅਮਰੀਕੀ ਰਖਿਆ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ‘‘ਚੀਨ ਅਪਣੀ ਫ਼ੌਜ ਨੂੰ ਆਧੁਨਿਕ ਬਨਾਉਣ ਅਤੇ ਸਮਰਥਾ ਵਿਕਸਤ ਕਰਨ ਵਿਚ ਰੁਝਿਆ ਹੋਇਐ 

Lloyd Austin

ਵਾਸ਼ਿੰਗਟਨ : ਅਮਰੀਕਾ ਦੇ ਰਖਿਆ ਮੰਤਰੀ ਲਾਇਡ ਆਸਟਿਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਖੇਤਰ ਵਿਚ ਬੇਹਦ ਹਮਲਾਵਰ ਰਵਈਆ ਅਪਣਾ ਰਿਹਾ ਹੈ ਅਤੇ ਕੁਝ ਮਾਮਲਿਆਂ ਵਿਚ ਤਾਂ ਉਹ ਬਹੁਤ ਹਮਲਾਵਰ ਨਜ਼ਰ ਆ ਰਿਹਾ ਹੈ। ਆਸਟਿਨ ਲੇ ਇਕ ਇੰਟਰਵਿਊ ਵਿਚ ਕਿਹਾ,‘‘ਚੀਨ ਅਪਣੀ ਫ਼ੌਜ ਨੂੰ ਆਧੁਨਿਕ ਬਨਾਉਣ ਅਤੇ ਸਮਰਥਾ ਵਿਕਸਤ ਕਰਨ ਵਿਚ ਰੁਝਿਆ ਹੋਇਆ ਹੈ। ਉਹ ਉਨ੍ਹਾਂ ਮੁਕਾਬਲਿਆਂ ਵਿਚ ਸਾਨੂੰ ਪਛਾੜਨ ਦੀ ਕੋਸ਼ਸ਼ ਕਰ ਰਿਹਾ ਹੈ ਜਿਨ੍ਹਾਂ ਵਿਚ ਅਸੀਂ ਹਮੇਸ਼ਾਂ ਅੱਗੇ ਰਹੇ ਹਾਂ।’’

ਆਸਟਿਨ ਨੇ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਉਸ ਦੇ ਵਿਵਾਦਾਂ ਵਲ ਇਸ਼ਾਰਾ ਕਰਦੇ ਹੋਏ ਕਿਹਾ,‘‘ਉਹ ਖੇਤਰ ਵਿਚ ਬੇਹਦ ਹਮਲਾਵਰ ਰੁਖ਼ ਅਪਣਾ ਰਿਹਾ ਹੈ। 
ਕਈ ਵਾਰ ਸਾਡੇ ਭਾਈਵਾਲਾਂ ਨੂੰ ਵੀ ਨਿਸ਼ਾਨੇ ’ਤੇ ਲਿਆ ਗਿਆ ਹੈ।

ਸਾਡੇ ਸਾਰੇ ਭਾਈਵਾਲ ਸਾਡੇ ਲਈ ਮਹੱਤਵਪੂਰਨ ਹਨ।’’ ਚੀਨ ਨੇ ਪਿਛਲੇ ਸਾਲ ਮਈ ਵਿਚ ਹਥਿਆਰਾਂ ਨਾਲ ਲੈੱਸ ਅਪਣੇ 60 ਹਜ਼ਾਰ ਤੋਂ ਜ਼ਿਆਦਾ ਫ਼ੌਜੀਆਂ ਨੂੰ ਲੱਦਾਖ਼ ਵਿਚ ਪੈਂਗੋਂਗ ਝੀਲ ਵਰਗੇ ਵਿਵਾਦਤ ਇਲਾਕਿਆਂ ਵਿਚ ਤਾਇਨਾਤ ਕਰ ਦਿਤਾ ਸੀ।

ਇਸ ਦੇ ਜਵਾਬ ਵਿਚ ਭਾਰਤ ਨੇ ਵੀ ਭਾਰੀ ਗਿਣਤੀ ਵਿਚ ਅਪਣੇ ਫ਼ੌਜੀਆਂ ਨੂੰ ਤਾਇਨਾਤ ਕਰ ਦਿਤਾ ਸੀ। ਇਸ ਦੇ ਫਲਸਰੂਪ ਦੋਹਾਂ ਦੇਸ਼ਾਂ ਵਿਚਾਲੇ ਅੱਠ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤਕ ਰੇੜਕਾ ਜਾਰੀ ਰਿਹਾ ਸੀ।